ਪੰਜਾਬ ‘ਚ ਮੌਸਮ ਦੇ ਮਿਜਾਜ ਪੂਰੀ ਤਰ੍ਹਾਂ ਬਦਲੇ ਹੋਏ ਹਨ ਜਿਸ ਦੇ ਚੱਲਦਿਆਂ ਐਤਵਾਰ ਵੱਖ-ਵੱਖ ਜ਼ਿਲ੍ਹਿਆਂ ‘ਚ ਤੇਜ਼ ਬਾਰਸ਼ ਹੋਈ। ਸੋਮਵਾਰ ਵੀ ਮੌਸਮ ਲਗਪਗ ਠੰਢਾ ਰਿਹਾ। ਆਉਣ ਵਾਲੇ ਕੁਝ ਦਿਨਾਂ ਲਈ ਮੌਸਮ ਇਸੇ ਤਰ੍ਹਾਂ ਠੰਡਾ ਰਹਿਣ ਦੇ ਆਸਾਰ ਹਨ।
ਮੌਸਮ ਵਿਭਾਗ ਮੁਤਾਬਕ ਛੇ ਜੂਨ ਤਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਹਲਕੀ ਬਾਰਸ਼ ਦੀ ਸੰਭਾਵਨਾ ਰਹੇਗੀ। ਇਸ ਤੋਂ ਇਲਾਵਾ ਧੂੜ ਭਰੀ ਹਵਾ ਵੀ ਚੱਲ ਸਕਦੀ ਹੈ। ਪੰਜਾਬ ‘ਚ ਹੋਈ ਬਾਰਸ਼ ਨਾਲ ਤਾਪਮਾਨ ‘ਚ 10 ਡਿਗਰੀ ਸੈਲਸੀਅਸ ਤਕ ਗਿਰਾਵਟ ਆਈ ਹੈ।
ਚੰਡੀਗੜ੍ਹ ਦੇ ਮੌਸਮ ਵਿਭਾਗ ਮੁਤਾਬਕ ਲੁਧਿਆਣਾ ‘ਚ 42 ਮਿਮੀ ਬਾਰਸ਼ ਦਰਜ ਕੀਤੀ ਗਈ ਜਿਸ ਨਾਲ ਤਾਪਮਾਨ 30 ਡਿਗਰੀ ਸੈਲਸੀਅਸ ਰਿਹਾ। ਪੰਜਾਬ ਦੇ ਜ਼ਿਲ੍ਹਿਆਂ ਮੋਹਾਲੀ, ਪਟਿਆਲਾ, ਰੋਪੜ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਪਠਾਨਕੋਟ ਆਦਿ ਜ਼ਿਲ੍ਹਿਆਂ ਸਮੇਤ ਰਾਜਧਾਨੀ ਚੰਡੀਗੜ੍ਹ ‘ਚ ਅੱਜ ਹਲਕਾ ਮੀਂਹ ਪਿਆ। ਭਲਕੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਆਉਂਦੇ ਤਿੰਨ-ਚਾਰ ਦਿਨ ਮੌਸਮ ਠੰਢਾ ਰਹਿਣ ਦੀ ਸੰਭਾਵਨਾ ਹੈ।
ਬੇਸ਼ੱਕ ਆਮ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ ਪ੍ਰੰਤੂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਡਰੇ ਹੋਏ ਹਨ। ਹਾਲਾਂਕਿ ਝੋਨੇ ਦੀ ਸਿੱਧੀ ਬਿਜਾਈ ਦਾ ਨਿਰਧਾਰਿਤ ਸਮਾਂ 1 ਜੂਨ ਤੋਂ ਸ਼ੁਰੂ ਹੋਣਾ ਹੈ ਪਰ ਲੇਬਰ ਸੰਕਟ ਕਾਰਨ ਕਿਸਾਨਾਂ ਨੇ ਵੱਡੇ ਰਕਬੇ ਵਿੱਚ ਸਿੱਧੀ ਬਿਜਾਈ ਕਰ ਲਈ ਹੈ।