ਕੋਰੋਨਾ ਸੰਕਟ ਕਾਰਨ ਜਾਰੀ ਲਾਕਡਾਉਨ ਦੌਰਾਨ ਕਈ ਨਿਯਮਾਂ ਵਿਚ ਬਦਲਾਅ ਹੋ ਰਹੇ ਹਨ। ਕੁੱਝ ਬਦਲਾਅ ਤੁਹਾਨੂੰ ਰਾਹਤ ਦੇ ਰਹੇ ਹਨ ਤਾਂ ਕੁੱਝ ਤੁਹਾਡੀ ਜੇਬ ‘ਤੇ ਅਸਰ ਪਾ ਰਹੇ ਹਨ। ਅੱਜ ਤੋਂ ਕਈ ਚੀਜਾਂ ਬਦਲ ਗਈਆਂ ਹਨ। ਕੁੱਝ ਨਿਯਮਾਂ ਵਿਚ ਬਦਲਾਅ ਹੋਇਆ ਹੈ, ਜਿਨ੍ਹਾਂ ਦੇ ਬਾਰੇ ਵਿਚ ਜਾਨਣਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਆਓ 10 ਜੂਨ ਤੋਂ ਬਦਲਣ ਵਾਲੇ ਕੁੱਝ ਨਿਯਮਾਂ ਦੇ ਬਾਰੇ ਵਿਚ ਜਾਣਦੇ ਹਾਂ ਅਤੇ ਇਹ ਵੀ ਜਾਣਦੇ ਹਾਂ ਕਿ ਕਿਵੇਂ ਇਹ ਨਿਯਮ ਤੁਹਾਡੀ ਕਮਾਈ ਅਤੇ ਤੁਹਾਡੀ ਜੇਬ ‘ਤੇ ਅਸਰ ਪਾਉਣਗੇ।
ਬਚਤ ਖਾਤੇ ‘ਚ ਜਮ੍ਹਾਂ ‘ਤੇ ਮਿਲੇਗਾ ਜ਼ਿਆਦਾ ਵਿਆਜ – ਲੋਕਾਂ ਨੂੰ ਆਕਰਸ਼ਤ ਕਰਨ ਲਈ ਇਕਵਿਟਾਸ ਸਮਾਲ ਫਾਈਨਾਂਸ ਬੈਂਕ (Equitas Small Finance Bank) ਨੇ ਮੰਗਲਵਾਰ ਨੂੰ ਬਚਤ ਖਾਤੇ ‘ਤੇ ਵਿਆਜ ਦਰ ਵਿਚ ਵਾਧਾ ਕੀਤਾ ਹੈ। ਇਕਵਿਟਾਸ ਸਮਾਲ ਫਾਈਨਾਂਸ ਬੈਂਕ ਨੇ 1 ਲੱਖ ਰੁਪਏ ਤੋਂ 5 ਕਰੋੜ ਰੁਪਏ ਤੱਕ ਡਿਪਾਜ਼ਿਟਸ ‘ਤੇ ਵਿਆਜ ਦਰ 5.5 ਫੀਸਦੀ ਤੋਂ ਵਧਾ ਕੇ 7 ਫ਼ੀਸਦੀ ਸਾਲਾਨਾ ਕਰ ਦਿੱਤੀ ਹੈ। ਨਵੀਂਆਂ ਦਰਾਂ 10 ਜੂਨ ਯਾਨੀ ਅੱਜ ਲਾਗੂ ਹੋਣਗੀਆਂ।
ਐੱਸ.ਬੀ.ਆਈ. ਨੇ ਘਟਾਈ ਵਿਆਜ ਦਰ – ਐੱਸ.ਬੀ.ਆਈ. ਨੇ ਐੱਮ.ਸੀ.ਐੱਲ.ਆਰ. ਵਿਚ 25 ਆਧਾਰ ਅੰਕ ਯਾਨੀ 0.25 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਦੇ ਬਾਅਦ ਇਕ ਸਾਲ ਦਾ ਐੱਮ.ਸੀ.ਐੱਲ.ਆਰ. ਘੱਟ ਕੇ 7 ਫ਼ੀਸਦੀ ਹੋ ਗਿਆ ਹੈ। ਨਵੀਂਆਂ ਦਰਾਂ 10 ਜੂਨ 2020 ਤੋਂ ਲਾਗੂ ਹੋਣਗੀਆਂ । ਬੈਂਕ ਦੀ ਇਸ ਕਟੌਤੀ ਦਾ ਲਾਭ ਲੱਖਾਂ ਗਾਹਕਾਂ ਨੂੰ ਮਿਲੇਗਾ ਅਤੇ ਉਨ੍ਹਾਂ ‘ਤੇ ਅੱਜ ਤੋਂ ਕਰਜ਼ੇ ਦਾ ਬੋਝ ਕੁੱਝ ਘੱਟ ਹੋਵੇਗਾ। ਜੇਕਰ ਕਿਸੇ ਗਾਹਕ ਨੇ ਐੱਸ.ਬੀ.ਆਈ. ਤੋਂ 30 ਸਾਲ ਲਈ 25 ਲੱਖ ਰੁਪਏ ਦਾ ਲੋਨ ਲਿਆ ਹੈ ਤਾਂ ਐੱਮ.ਸੀ.ਐੱਲ.ਆਰ. ਵਿਚ ਕਟੌਤੀ ਨਾਲ ਪ੍ਰਤੀ ਮਹੀਨਾ 421 ਰੁਪਏ ਘੱਟ ਈ.ਐੱਮ.ਆਈ. ਦੇਣੀ ਹੋਵੇਗੀ।
ਚੀਨੀ ਸਾਮਾਨਾਂ ਦਾ ਬਾਈਕਾਟ – ਚੀਨੀ ਸਾਮਾਨਾਂ ਦੇ ਬਾਈਕਾਟ ਨੂੰ ਲੈ ਕੇ ਕੰਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਸੀ.ਏ.ਆਈ.ਟੀ) ਅੱਜ ਤੋਂ ਇਕ ਵੱਡਾ ਅਭਿਆਨ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤਹਿਤ 7 ਕਰੋੜ ਤੋਂ ਵੀ ਜ਼ਿਆਦਾ ਛੋਟੇ ਪ੍ਰਚੂਨ ਵਪਾਰੀ ਵਿਦੇਸ਼ੀ ਉਤਪਾਦਾਂ ਦਾ ਮੌਜੂਦਾ ਸਟਾਕ ਖਤਮ ਹੋਣ ਦੇ ਬਾਅਦ ਨਵਾਂ ਇੰਪੋਰਟ ਨਹੀਂ ਕਰਨਗੇ। ਕੈਟ ਨੇ ਚੀਨ ਵੱਲੋਂ ਉਤਪਾਦਿਤ 3000 ਸਾਮਾਨ ਦੀ ਲਿਸਟ ਤਿਆਰ ਕੀਤੀ ਹੈ ਜਿਸ ਵਿਚ ਸਾਬਣ, ਟੂਥਪੇਸਟ, ਖਿਡੌਣੇ ਆਦਿ ਸ਼ਾਮਲ ਹਨ। ਕੈਟ ਵੱਲੋਂ ਕਿਹਾ ਗਿਆ ਹੈ ਕਿ ਸਾਡਾ ਟੀਚਾ ਹੈ ਕਿ ਦਸੰਬਰ 2021 ਤੱਕ ਚੀਨੀ ਸਾਮਾਨਾਂ ਦੇ ਆਯਾਤ ਵਿਚ ਲਗਭਗ 1.5 ਲੱਖ ਕਰੋੜ ਰੁਪਏ ਘੱਟ ਕਰ ਦਿੱਤੇ ਜਾਣ।
ਜੈੱਟ ਏਅਰਵੇਜ ਲਈ ਨਵੇਂ ਸਿਰੇ ਤੋਂ ਰੁਚੀ ਪੱਤਰ – ਜੈੱਟ ਏਅਰਵੇਜ ਦੇ ਦਿਵਾਲਿਆ ਹੱਲ ਪੇਸ਼ੇਵਰਾਂ ਨੇ ਬੰਦ ਹੋ ਚੁੱਕੀ ਇਸ ਹਵਾਬਾਜ਼ੀ ਕੰਪਨੀ ਲਈ ਅੱਜ ਤੋਂ ਨਵੇਂ ਸਿਰੇ ਤੋਂ ਰੁਚੀ ਪੱਤਰ (EOI) ਮੰਗਿਆ। ਪਿਛਲੇ ਸਾਲ ਬੰਦ ਹੋ ਚੁੱਕੀ ਜੈੱਟ ਏਅਰਵੇਜ ਲਈ ਚੌਥੀ ਵਾਰ ਈ.ਓ.ਆਈ. ਨੂੰ ਸੱਦਿਆ ਗਿਆ ਹੈ। ਇਕ ਜਨਤਕ ਦਸਤਾਵੇਜ ਮੁਤਾਬਕ ਬੋਲੀ ਦਸਤਾਵੇਜ਼ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 28 ਮਈ ਹੈ ਅਤੇ ਸੰਭਾਵੀ ਹੱਲ ਬਿਨੈਕਾਰਾਂ ਦੀ ਆਖ਼ਰੀ ਸੂਚੀ 10 ਜੂਨ ਨੂੰ ਜਾਰੀ ਕੀਤੀ ਜਾਵੇਗੀ।
ਦਿੱਲੀ ਵਿਚ ਸਸਤੀ ਸ਼ਰਾਬ – ਦਿੱਲੀ ਵਿਚ ਸ਼ਰਾਬ ‘ਤੇ ਲਗਾਇਆ ਗਿਆ 70 ਫ਼ੀਸਦੀ ਕੋਰੋਨਾ ਟੈਕਸ ਅੱਜ ਤੋਂ ਹੱਟ ਜਾਵੇਗਾ ਪਰ ਵੈਟ 20% ਤੋਂ ਵਧਾ ਕੇ 25 % ਕਰ ਦਿੱਤਾ ਗਿਆ ਹੈ। ਨਵੀਂਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ। ਸ਼ਰਾਬ ਅੱਜ ਦੇ ਮੁਕਾਬਲੇ ਸਸਤੀ ਹੋਵੇਗੀ ਪਰ ਕੋਰੋਨਾ ਤੋਂ ਪਹਿਲਾਂ ਦੇ ਦਿਨਾਂ ਦੀ ਤੁਲਣਾ ਵਿਚ ਥੋੜ੍ਹੀ ਮਹਿੰਗੀ ਹੋਵੇਗੀ।news source: jagbani