ਚਾਈਨੀਜ਼ ਵਾਇਰਸ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਦਿੱਤੀ ਹੈ। ਇਸ ਤੋਂ ਬਚਣ ਦਾ ਫਿਲਹਾਲ ਸਭ ਤੋਂ ਕਾਮਯਾਬ ਤਰੀਕਾ ਲੋਕਡਾਊਨ ਹੀ ਮੰਨਿਆ ਜਾ ਰਿਹਾ ਹੈ। ਰੋਜਾਨਾ ਹੁਣ ਸੰਸਾਰ ਤੇ ਲੱਖਾਂ ਦੀ ਗਿਣਤੀ ਵਿਚ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਰੋਜਾਨਾ ਮੌਤ ਹੋ ਰਹੀ ਹੈ।
ਨਵੀਂ ਦਿੱਲੀ/ਭੋਪਾਲ: ਕੋਰੋਨਾ ਦੇ ਕੇਸ ਵਧਣ ਨਾਲ ਦੇਸ਼ ਵਿੱਚ ਮੁੜ ਲੌਕਡਾਊਨ ਲੱਗਣਾ ਸ਼ੁਰੂ ਹੋ ਗਿਆ ਹੈ। ਇਸ ਵਾਰ ਇਕੱਲੇ-ਇਕੱਲੇ ਸ਼ਹਿਰ ‘ਚ ਲੌਕਡਾਊਨ ਲਾਇਆ ਜਾ ਰਿਹਾ ਹੈ। ਕਸ਼ਮੀਰ ਵਾਦੀ ਮਗਰੋਂ ਅੱਜ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਲੌਕਡਾਊਨ ਲਾ ਦਿੱਤਾ ਗਿਆ ਹੈ। ਭੋਪਾਲ ਵਿੱਚ 10 ਦਿਨਾਂ ਲਈ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਇਹ ਲੌਕਡਾਊਨ 24 ਜੁਲਾਈ ਤੋਂ 3 ਅਗਸਤ ਤੱਕ ਜਾਰੀ ਰਹੇਗਾ।
ਇਸ ਤੋਂ ਪਹਿਲਾਂ ਕੁਝ ਹੋਰ ਰਾਜਾਂ ਦੇ ਸ਼ਹਿਰਾਂ ਵਿੱਚ ਵੀ ਲੌਕਡਾਊਨ ਲਾਇਆ ਗਿਆ ਹੈ। ਹਰਿਆਣਾ ਸਰਕਾਰ ਨੇ ਦਿੱਲੀ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸਖਤੀ ਕੀਤੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੰਘੇ ਦਿਨ ਸੰਕੇਤ ਦਿੱਤੇ ਸੀ ਕਿ ਜੇਕਰ ਹਾਲਾਤ ਵਿਗੜੇ ਤਾਂ ਲੌਕਡਾਊਨ ਲਾਇਆ ਜਾ ਸਕਦਾ ਹੈ। ਉਂਝ ਹੁਣ ਲੌਕਡਾਊਨ ਸਿਰਫ ਪ੍ਰਭਾਵਿਤ ਸ਼ਹਿਰਾਂ ਜਾਂ ਇਲਾਕਿਆਂ ਵਿੱਚ ਹੀ ਲੱਗੇਗਾ।
ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਨਰੋਤਮ ਮਿਸ਼ਰਾ ਨੇ ਲੌਕਡਾਊਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 24 ਜੁਲਾਈ ਨੂੰ ਸ਼ਾਮ 8 ਵਜੇ ਤੋਂ ਅਗਲੇ 10 ਦਿਨਾਂ ਲਈ ਭੋਪਾਲ ਵਿੱਚ ਮੁਕੰਮਲ ਲੌਕਡਾਊਨ ਲਾਗੂ ਰਹੇਗਾ। ਇਸ ਦੌਰਾਨ ਮੈਡੀਕਲ ਸੇਵਾ, ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਭੋਪਾਲ ਦੀ ਸਰਹੱਦ ਸੀਲ ਰਹੇਗੀ। ਹਾਲਾਂਕਿ, ਪ੍ਰਸ਼ਾਸਨ ਈ-ਪਾਸ ਜਾਰੀ ਕਰੇਗਾ।
ਗ੍ਰਹਿ ਮੰਤਰੀ ਪਹਿਲਾਂ ਹੀ ਲੋਕਾਂ ਨੂੰ ਜ਼ਰੂਰੀ ਸਾਮਾਨ ਖਰੀਦਣ ਦੀ ਅਪੀਲ ਕਰ ਚੁੱਕੇ ਹਨ। ਦੱਸ ਦੇਈਏ ਕਿ ਭੋਪਾਲ ਵਿੱਚ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਵਿੱਚ ਵੀ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਸੂਬੇ ਵਿੱਚ ਕੁੱਲ 24,842 ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਚੋਂ 7,236 ਕੇਸ ਐਕਟਿਵ ਹਨ, 770 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 16,836 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।