ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ। ਇੱਥੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਸਭ ਦੇ ਵਿਚ ਚੋਟੀ ਦੇ ਛੂਤ ਦੇ ਰੋਗਾਂ ਦੇ ਮਾਹਰ ਡਾਕਟਰ ਐਨਥਨੀ ਫੌਸੀ ਇਕ ਵਾਰ ਫਿਰ ਆਪਣੇ ਬਿਆਨ ਕਾਰਨ ਚਰਚਾ ਵਿਚ ਹਨ। ਡਾਕਟਰ ਫੌਸੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਕੋਵਿਡ-19 ਕਦੇ ਵੀ ਪੂਰੀ ਤਰ੍ਹਾਂ ਖਤਮ ਹੋਵੇਗਾ। ਭਾਵੇਂਕਿ ਇਸ ‘ਤੇ ਕੰਟਰੋਲ ਪਾਇਆ ਜਾ ਸਕਦਾ ਹੈ।
ਬੁੱਧਵਾਰ ਨੂੰ ਟਿਊਬਰਕਲੋਸਿਸ ਅਲਾਇੰਸ ਵੱਲੋਂ ਆਯੋਜਿਤ ਇਕ ਇਵੈਂਟ ਵਿਚ ਡਾਕਟਰ ਫੌਸੀ ਨੇ ਕਿਹਾ,”ਮੈਨੂੰ ਨਹੀਂ ਲੱਗਦਾ ਕਿ ਇਹ ਵਾਇਰਸ SARS 1 ਦੀ ਤਰ੍ਹਾਂ ਗਾਇਬ ਹੋ ਜਾਵੇਗਾ।” 2003 ਵਿਚ ਆਇਆ ਸਾਰਸ ਪ੍ਰਕੋਪ ਕਈ ਮਹੀਨਿਆਂ ਤੱਕ ਰਿਹਾ ਸੀ ਅਤੇ ਲੁਪਤ ਹੋਣ ਤੋਂ ਪਹਿਲਾਂ ਇਸ਼ ਨੇ ਕਈ ਏਸ਼ੀਆਈ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ।ਇਸ ਬੀਮਾਰੀ ਨੇ 29 ਦੇਸ਼ਾਂ ਵਿਚ 8,000 ਤੋਂ ਵਧੇਰੇ ਲੋਕਾਂ ਨੂੰ ਬੀਮਾਰ ਕੀਤਾ ਸੀ ਅਤੇ ਕਰੀਬ 774 ਲੋਕਾਂ ਦੀ ਜਾਨ ਲਈ ਸੀ।
ਇਸ ਦੀ ਤੁਲਨਾ ਵਿਚ ਕੋਵਿਡ-19 ਵਧੇਤੇ ਛੂਤਕਾਰੀ ਹੈ। ਦੁਨੀਆ ਭਰ ਵਿਚ ਇਸ ਦੇ 1.5 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਵਿਚ 618,000 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।ਡਾਕਟਰ ਫੌਸੀ ਨੇ ਕਿਹਾ,”ਇਸ ਵਿਚ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਵਾਇਰਸ ਨੂੰ ਸੰਚਾਰਿਤ ਕਰਨ ਦੀ ਸਮਰੱਥਾ ਬਹੁਤ ਜ਼ਿਆਦਾ ਹੈ।ਮੈਨੂੰ ਲੱਗਦਾ ਹੈ ਕਿ ਆਖਿਰਕਾਰ ਅਸੀਂ ਇਸ ਨੂੰ ਕੰਟਰੋਲ ਕਰ ਲਵਾਂਗੇ।
ਭਾਵੇਂਕਿ ਅਸਲ ਵਿਚ ਮੈਂ ਇਸ ਨੂੰ ਹਮੇਸ਼ਾ ਲਈ ਖਤਮ ਹੁੰਦੇ ਨਹੀਂ ਦੇਖ ਰਿਹਾ ਹਾਂ।” ਡਾਕਟਰ ਫੌਸੀ ਨੇ ਉਹਨਾਂ ਢੰਗਾਂ ਦੇ ਬਾਰੇ ਵਿਚ ਵੀ ਦੱਸਿਆ ਜਿਸ ਨਾਲ ਕੋਰੋਨਾਵਾਇਰਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ,”ਮੈਨੂੰ ਲੱਗਦਾ ਹੈ ਕਿ ਸਹੀ ਜਨਤਕ ਸਿਹਤ ਉਪਾਵਾਂ, ਗਲੋਬਲ ਹਰਡ ਇਮਿਊਨਿਟੀ ਅਤੇ ਇਕ ਚੰਗੇ ਵੈਕਸੀਨ ਨਾਲ ਇਸ ਵਾਇਰਸ ਨੂੰ ਕੰਟੋਰਲ ਕੀਤਾ ਜਾ ਸਕਦਾ ਹੈ।
ਮੈਨੂੰ ਆਸ ਹੈ ਕਿ ਅਸੀਂ ਇਹ ਤਿੰਨੇ ਚੀਜ਼ਾਂ ਹਾਸਲ ਕਰ ਲਵਾਂਗੇ ਭਾਵੇਂਕਿ ਮੈਂ ਇਸ ਬਾਰੇ ਨਿਸ਼ਚਿਤ ਨਹੀਂ ਹਾਂ ਕਿ ਇਹ ਇਸ ਸਾਲ ਕੰਟਰੋਲ ਹੋਵੇਗਾ ਜਾਂ ਅਗਲੇ ਸਾਲ ਤੱਕ।” ਡਾਕਟਰ ਫੌਸੀ ਨੇ ਕਿਹਾ,”ਅਸੀਂ ਇਸ ਵਾਇਰਸ ਨੂੰ ਇੰਨੇ ਹੇਠਲੇ ਪੱਧਰ ‘ਤੇ ਲਿਆਵਾਂਗੇ ਕਿ ਅਸੀਂ ਉਸ ਸਥਿਤੀ ਵਿਚ ਨਹੀਂ ਰਹਾਂਗੇ ਜਿਸ ਵਿਚ ਅਸੀਂ ਹਾਲੇ ਹਾਂ।