ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ। ਰੋਜਾਨਾ ਲੱਖਾਂ ਦੀ ਗਿਣਤੀ ਵਿਚ ਲੋਕ ਇਸ ਦੀ ਚਪੇਟ ਵਿਚ ਆ ਰਹੇ ਹਨ ਅਤੇ ਰੋਜਾਨਾ ਹਜਾਰਾਂ ਲੋਕਾਂ ਦੀ ਇਸ ਕਾਰਨ ਮੌਤ ਹੋ ਰਹੀ ਹੈ। ਕੋਰੋਨਾ ਤੋਂ ਬਚਨ ਲਈ ਹਰੇਕ ਮੁਲਕ ਦੀਆਂ ਸਰਕਾਰਾਂ ਮੌਕੇ ਮੌਕੇ ਤੇ ਵੱਖ ਵੱਖ ਕਦਮ ਚੁੱਕ ਰਹੀਆਂ ਹਨ। ਤਾਂ ਜੋ ਲੋਕਾਂ ਨੂੰ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਅਜਿਹੀ ਹੀ ਇਕ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ
ਜਿਥੇ ਕਨੇਡੀਅਨ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦਿਆਂ ਹੋਇਆਂ 31 ਦਸੰਬਰ 2020 ਤਕ ਇਕ ਵੱਡਾ ਐਲਾਨ ਕਰ ਦਿੱਤਾ ਹੈ।ਕੈਨੇਡਾ ਦੇ ਇਮੀਗਰੇਸ਼ਨ ਮਹਿਕਮੇ ਨੇ ਉਨ੍ਹਾਂ ਲੋਕਾਂ ਨੂੰ ਰਾਹਤ ਦਿੱਤੀ ਹੈ, ਜੋ ਕੈਨੇਡਾ ਵਿੱਚ ਆਰਜ਼ੀ ਰਿਹਾਇਸ਼ੀ ਵੀਜ਼ੇ, ਵਰਕ ਵੀਜ਼ੇ ਜਾਂ ਸਟੂਡੈਂਟ ਵੀਜ਼ੇ ‘ਤੇ ਰਹਿ ਰਹੇ ਸਨ ਅਤੇ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗ ਚੁੱਕੀ ਸੀ।ਆਮ ਤੌਰ ‘ਤੇ ਕੈਨੇਡਾ ‘ਚ ਵਿਜ਼ਟਰ,
ਵਰਕ ਅਤੇ ਸਟੂਡੈਂਟ ਵੀਜ਼ੇ ਦੀ ਮਿਆਦ ਪੁੱਗਣ ਦੇ 90 ਦਿਨਾਂ ਦੇ ਅੰਦਰ-ਅੰਦਰ ਅਪਲਾਈ ਕਰਕੇ ਮਿਆਦ ਵਧਾਉਣ ਲਈ ਦਸਤਾਵੇਜ਼ ਪੇਸ਼ ਕਰਨੇ ਪੈਂਦੇ ਹਨ। ਪਰ ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਚੈਨੋ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੈਨੇਡਾ ‘ਚ ਰਹਿੰਦੇ ਜਿਨ੍ਹਾਂ ਲੋਕਾਂ ਦੇ ਵੀਜ਼ੇ 30 ਜਨਵਰੀ 2020 ਤੋਂ ਬਾਅਦ ਮੁੱਕ ਗਏ ਸਨ, ਉਹ 31 ਦਸੰਬਰ 2020 ਤੱਕ ਆਪਣੇ ਦਸਤਾਵੇਜ਼ ਪੇਸ਼ ਕਰਕੇ ਆਪਣਾ ਸਟੇਟਸ ਬਹਾਲ ਰੱਖ ਸਕਦੇ ਹਨ।
ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਕਰੋਨਾ ਕਾਰਨ ਦਫਤਰੀ ਕੰਮਕਾਜ ਠੱਪ ਵਾਂਗ ਹੋ ਗਿਆ ਅਤੇ ਬਹੁਤ ਸਾਰੇ ਲੋਕ ਇਸ ਕਰਕੇ ਵੀ ਵਾਪਸ ਨਹੀਂ ਜਾ ਸਕੇ ਕਿ ਉਡਾਣਾਂ ਨਹੀਂ ਚੱਲ ਰਹੀਆਂ, ਇਸ ਕਰਕੇ ਅਜਿਹੇ ਲੋਕਾਂ ਨੂੰ ਰਾਹਤ ਦੇਣ ਲਈ 31 ਦਸੰਬਰ 2020 ਤੱਕ ਮਿਆਦ ਵਧਾ ਦਿੱਤੀ ਗਈ ਹੈ।