ਕੀ ਬਿਹਾਰ ਦੀ ਤਰ੍ਹਾਂ ਪੰਜਾਬ ਚ ਮੁੜ ਲੌਕ ਡਾਊਨ ਹੋ ਸਕਦਾ ਹੈ। ਪੰਜਾਬ ਸਰਕਾਰ ਦੇ ਸੂਤਰਾਂ ਮੁਤਾਬਿਕ ਸਰਕਾਰ ਵਿਚ ਇਸ ਮਸਲੇ ਉਤੇ ਚਰਚਾ ਚੱਲ ਰਹੀ ਹੈ ਕਿ ਹਲਾਤ ਠੀਕ ਨਹੀਂ ਰਹਿੰਦੇ ਤਾਂ ਟੁੱਟਵੇਂ ਰੂਪ ‘ਚ ਲੌਕ ਡਾਊਨ ਹੋ ਸਕਦਾ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਨੇ ਕਿਹਾ ਹੈ ਸਰਕਾਰ ਨੂੰ ਜੋ ਵੀ ਕਦਮ ਉਠਾਉਣ ਦੀ ਲੋੜ ਪਵੇਗੀ ਉਹ ਉਠਾਵੇਗੀ।
ਉਹਨਾਂ ਕਿਹਾ ਕਿ ਜਿੱਥੇ ਜਿੱਥੇ ਪਹਿਲਾਂ ਲੋੜ ਪਈ ਉਥੇ ਸਭ ਕੁਝ ਕੀਤਾ ਗਿਆ ਤੇ ਜਿਥੇ ਅੱਗੇ ਲੋੜ ਪਵੇਗੀ ਓਥੇ ਵੀ ਕਦਮ ਚੁੱਕੇ ਜਾਣਗੇ। ਸੰਧੂ ਨੇ ਕਿਹਾ ਕਿ ਪੰਜਾਬ ਹੀ ਨਹੀਂ ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸ ਵਧ ਰਹੇ ਨੇ ਤੇ ਇਹ ਬੇਹਦ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸੂਬੇ ਦੀਆਂ ਹੱਦਾਂ ਤੇ ਸਖ਼ਤੀ ਕੀਤੀ ਹੈ ਤੇ ਜ਼ਰੂਰਤ ਪਈ ਤਾਂ ਸੀਲ ਵੀ ਕਰ ਸਕਦੇ ਹਾਂ।
ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸੰਧਵਾਂ ਨੇ ਕਿਹਾ ਕਿ ਸਰਕਾਰ ਕੋਰੋਨਾ ਨੂੰ ਲੈ ਕੇ ਜ਼ਿਆਦਾ ਗੰਭੀਰ ਨਜ਼ਰ ਨਹੀਂ ਆ ਰਹੀ ਹੈ ਤੇ ਇਸੇ ਕਰਕੇ ਹੀ ਪੰਜਾਬ ਚ ਕੋਰੋਨਾ ਵਧਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਅਮ੍ਰਿਤਸਰ ਦੀ ਤੁਲੀ ਲੈਬ ਨੂੰ ਬੰਦ ਕਰਨਾ ਚਾਹੀਦਾ ਹੈ। ਸਿਵਲ ਸਰਜਨ ਮੋਹਾਲੀ ਨੇ ਕਿਹਾ ਇਸ ਮਸਲੇ ਤੇ ਸਿਆਸਤ ਦੀ ਜਗ੍ਹਾ ਹਰ ਕਿਸੇ ਦੇ ਸਹਿਯੋਗ ਦੀ ਲੋੜ ਹੈ ਤਾਂ ਹੀ ਕੋਰੋਨਾ ਤੇ ਫਤਿਹ ਪਾਈ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਹੋਰ ਸਖ਼ਤੀ ਕੀਤੀ ਗਈ ਹੈ । ਸਰਕਾਰ ਦੀਆਂ ਤਾਜ਼ਾ ਗਾਈਡ ਲਾਈਨ ਮੁਤਾਬਕ ਵਿਆਹ ਸਮਾਗਮ ਵਿਚ ਮਹਿਜ਼ 30 ਲੋਕ ਹਿੱਸਾ ਲੈ ਸਕਣਗੇ ਜਦਕਿ ਪਹਿਲਾਂ 50 ਲੋਕਾਂ ਨੂੰ ਵਿਆਹ ਵਿਚ ਸ਼ਮੂਲੀਅਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਨਿਯਮਾਂ ਵਿਚ ਸਾਫ਼ ਤੌਰ ‘ਤੇ ਕਿਹਾ ਗਿਆ ਹੈ
ਕਿ ਵਿਆਹ ਸਮਾਗਮ ਵਿਚ ਦੋਵਾਂ ਧਿਰਾਂ (ਕੁੜੀ-ਮੁੰਡੇ) ਵਲੋਂ 30 ਲੋਕ ਹੀ ਹਿੱਸਾ ਲੈ ਸਕਣਗੇ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਇਕੱਠ ਜਾਂ ਧਰਨੇ ਪ੍ਰਦਰਸ਼ਨਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।ਇਸ ਤੋਂ ਇਲਾਵਾ ਜੇਕਰ ਕੋਈ ਮੀਟਿੰਗ ਕਰਦਾ ਹੈ ਤਾਂ ਇਸ ਮੀਟਿੰਗ ਵਿਚ ਪੰਜ ਤੋਂ ਜ਼ਿਆਦਾ ਲੋਕ ਹਿੱਸਾ ਨਹੀਂ ਲੈ ਸਕਣਗੇ।