ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਕਿ ਕੋਈ ਵੀ ਪ੍ਰਵਾਸੀ ਕਿਰਤੀ ਘਰ ਵਾਪਸੀ ਮੁਲਕ ਦੇ ਕਿਸੇ ਹੋਰ ਸੂਬੇ ਨੂੰ ਪੈਦਲ ਚੱਲ ਕੇ ਜਾਣ ਜਾਂ ਪੰਜਾਬ ਵਿੱਚ ਹੁੰਦਿਆਂ ਭੁੱਖੇ ਪੇਟ ਰਹਿਣ ਲਈ ਮਜਬੂਰ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਪਰਵਾਸੀ ਮਜ਼ਦੂਰਾਂ ਦੀ ਪਿੱਤਰੀ ਸੂਬਿਆਂ ਵਿੱਚ ਸੁਰੱਖਿਅਤ ਪਹੁੰਚ ਯਕੀਨੀ ਬਣਾਉਣਾ ਉਨਾਂ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਪ੍ਰਵਾਸੀਆਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਜੱਦੀ ਸੂਬੇ ਵਿੱਚ ਵਾਪਸੀ ਦੇ ਚਾਹਵਾਨ ਹਰੇਕ ਪਰਵਾਸੀ ਦੀ ਸਹਾਇਤਾ ਕਰੇਗੀ ਅਤੇ ਉਨਾਂ ਦੇ ਮੁਫ਼ਤ ਸਫ਼ਰ ਅਤੇ ਭੋਜਨ ਦਾ ਵੀ ਬੰਦੋਬਸਤ ਕਰੇਗੀ। ਪ੍ਰਵਾਸੀਆਂ ਨੂੰ ਮੁਖਾਤਬ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਤੁਹਾਡੀ ਕਰਮ ਭੂਮੀ ਹੈ, ਭਾਵੇਂ ਇਹ ਤੁਹਾਡੀ ਜਨਮ ਭੂਮੀ ਨਾ ਵੀ ਹੋਵੇ।”
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਸੀਆਂ ਨੂੰ ਆਪਣੇ ਜੱਦੀ ਸੂਬੇ ਵਿੱਚ ਵਾਪਸੀ ਕਰਨ ਦਾ ਔਖਾ ਪੈਂਡਾ ਪੈਦਲ ਚੱਲ ਕੇ ਤੈਅ ਕਰਨ ਦੀ ਕੋਸ਼ਿਸ਼ ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਸੂਬਾ ਸਰਕਾਰ ਉਨਾਂ ਦੇ ਸਫ਼ਰ ਲਈ ਰੇਲਾਂ ਅਤੇ ਬੱਸਾਂ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕਰ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜੇਕਰ ਕਿਸੇ ਵੀ ਪ੍ਰਵਾਸੀ ਦੇ ਸੜਕ ’ਤੇ ਤੁਰੇ ਜਾਂਦੇ ਦਾ ਪਤਾ ਲੱਗੇ ਤਾਂ ਉਸ ਨੂੰ ਨੇੜੇ ਦੀ ਥਾਂ ’ਤੇ ਛੱਡਣਾ ਚਾਹੀਦਾ ਹੈ ਜਿੱਥੇ ਉਹ ਆਪਣੇ ਪਿੱਤਰੀ ਸੂਬੇ ਲਈ ਰੇਲ ਗੱਡੀ ਜਾਂ ਬੱਸ ਲੈ ਸਕੇ,
ਭਾਵੇਂ ਕਿ 300ਵੀਂ ਵਿਸ਼ੇਸ਼ ਸ਼ਰਮਿਕ ਰੇਲ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਉੱਤਰ ਪ੍ਰਦੇਸ਼ ਵੱਲ ਰਵਾਨਾ ਹੋ ਗਈ ਹੈ। ਉਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਨਾਂ ਨੂੰ ਪੰਜਾਬ ਛੱਡਣ ਤੱਕ ਭੋਜਨ ਅਤੇ ਪਾਣੀ ਮੁਹੱਈਆ ਕਰਵਾਉਣਾ ਚਾਹੀਦਾ ਹੈ।ਪੰਜਾਬ ਸਰਕਾਰ ਵੱਲੋਂ ਆਪਣੇ ਪਿੱਤਰੀ ਸੂਬਿਆਂ ਨੂੰ ਵਾਪਸ ਜਾਣ ਦੇ ਇਛੁੱਕ ਪਰਵਾਸੀ ਕਿਰਤੀਆਂ ਨੂੰ ਵਾਪਸ ਭੇਜਣ ਲਈ ਖਾਣਾ ਅਤੇ ਯਾਤਰਾ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਉਣ ਲਈ ਅਪ੍ਰੈਲ ਦੇ ਅੰਤ ਵਿੱਚ ਲਏ ਫੈਸਲੇ ਤੋਂ ਬਾਅਦ ਇਨਾਂ ਕਿਰਤੀਆਂ ਨੂੰ ਸਬੰਧਤ ਸੂਬਿਆਂ ਨੂੰ ਭੇਜਣ ਲਈ ਮੁਫ਼ਤ ਯਾਤਰਾ ਦੀ ਸਹੂਲਤ ਲਈ ਸੂਬਾ ਸਰਕਾਰ ਪਹਿਲਾਂ ਹੀ ਰੇਲਵੇ ਨੂੰ 20 ਕਰੋੜ ਦੀ ਅਦਾਇਗੀ ਕਰ ਚੁੱਕੀ ਹੈ।