ਕੋਵਿਡ 19 ਦੇ ਮੱਦੇਨਜ਼ਰ ਹਸਪਤਾਲਾਂ ਵਿਚ ਭੀੜ ਹੋਣ ਤੋਂ ਰੋਕਣ ਲਈ ਟੈਲੀਮੇਡਸੀਨ ਸੂਬੇ ਭਰ ਦੇ ਮਰੀਜ਼ਾਂ ਲਈ ਇੱਕ ਵਰਦਾਨ ਸਾਬਿਤ ਹੋਵੇਗਾ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਰੋਜ਼ਾਨਾ ਡਾਕਟਰੀ ਸਲਾਹ ਅਤੇ ਪੁਰਾਣੀਆਂ ਬਿਮਾਰੀਆਂ ਸਬੰਧੀ ਸੁਝਾਵਾਂ ਦੀ ਜ਼ਰੂਰਤ ਹੁੰਦੀ ਹੈ। ਐਮਸੀਐਚ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਡਾਕਟਰਾਂ ਅਤੇ ਸਟਾਫ਼ ਨਰਸਾਂ ਦੀ ਸਿਖਲਾਈ ਲਈ ਆਨਲਾਈਨ ਟੈਕਨਾਲੋਜੀ ਪਲੇਟਫਾਰਮ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਿਖਲਾਈ ਸੈਸ਼ਨ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਲਈ ਵੱਖ ਵੱਖ ਉਪਾਅ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਕੁਸ਼ਲਤਾਵਾਂ ਵਿੱਚ ਸੁਧਾਰ ਲਈ ਨਿਯਮਤ ਸਿਖਲਾਈ ਮੁਹੱਈਆ ਕਰਵਾਉਣ ਅਤੇ ਸਿਹਤ ਸੇਵਾਵਾਂ ਦੇ ਪ੍ਰਬੰਧਨ ਲਈ ਨਿਰਦੇਸ਼ਾਂ ਦਾ ਪ੍ਰਸਾਰ ਕਰਨ ਲਈ ਲੋਕਾਂ ਨੂੰ ਇਕੱਠੇ ਕਰਨਾ ਮੁਸ਼ਕਲ ਹੋ ਗਿਆ ਹੈ। ਇਸ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਈਕੋ ਜ਼ੂਮ ਪਲੇਟਫਾਰਮ ਦੀ ਸਹਾਇਤਾ ਨਾਲ ਆਨ ਲਾਈਨ ਸਿਖਲਾਈ ਸੈਸ਼ਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਆਮ ਦਵਾਈਆਂ ਲਈ ਟੈਲੀਮੇਡੀਸੀਨ ਤੋਂ ਇਲਾਵਾ ਹੁਣ ਸਿਹਤ ਵਿਭਾਗ ਜੱਚਾ ਬੱਚਾ ਸਿਹਤ ਸੰਭਾਲ ਸੇਵਾਵਾਂ(ਐਮਸੀਐਚ) ਨੂੰ ਯਕੀਨੀ ਬਣਾਉਣ ਲਈ 1 ਜੂਨ ਤੋਂ ਗਾਇਨੀਕੋਲੋਜੀ ਸੇਵਾਵਾਂ ਲਈ ਈ ਸੰਜੀਵਨੀ ਓਪੀਡੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।