ਕੋਵਿਡ-19 ਮਰੀਜ਼ਾਂ ਦੀ 89 ਪ੍ਰਤੀਸ਼ਤ ਰਿਕਵਰੀ ਰੇਟ ਨਾਲ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸ਼੍ਰੀ ਨੰਦੇੜ ਸਾਹਿਬ ਤੋਂ ਵਾਪਸ ਆਏ 4218 ਵਿਅਕਤੀਆਂ ਵਿੱਚੋਂ 1252 ਵਿਅਕਤੀ ਕੋਵਿਡ-19 ਪੌਜ਼ੇਟਿਵ ਪਾਏ ਗਏ ਸੀ। ਹੁਣ ਉਨ੍ਹਾਂ ਸਾਰਿਆਂ ਨੂੰ ਤੰਦਰੁਸਤ ਐਲਾਨ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤੇ ਕੇਸ ਬਾਹਰਲੇ ਹਨ।ਉਨ੍ਹਾਂ ਕਿਹਾ ਕਿ ਰਾਜ ਵਿਚ ਕੋਵਿਡ-19 ਦੇ 2000 ਤੋਂ ਵਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 52,955 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 48,813 ਨਕਾਰਾਤਮਕ ਰਿਪੋਰਟਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਵਿੱਚੋਂ 1794 ਮਰੀਜ਼ ਠੀਕ ਹੋਏ ਹਨ ਜੋ ਦੇਸ਼ ਵਿਚ ਮਰੀਜ਼ਾਂ ਦੀ ਸਭ ਤੋਂ ਵੱਧ ਰਿਕਵਰੀ ਰੇਟ ਹੈ।