ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਨਮਿਤ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਉਘੀਆਂ ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਗੁਰਦਾਸ ਸਿੰਘ ਬਾਦਲ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇੱਥੇ ਜ਼ਿਕਰਯੋਗ ਹੈ ਕਿ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਉਹ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਇਸ ਮੌਕੇ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੀਆਂ ਸ਼ਖ਼ਸੀਅਤਾਂ ਦਾ ਸ਼ੁਕਰਾਨਾ ਕਰਦਿਆਂ ਗੁਰਦਾਸ ਸਿੰਘ ਬਾਦਲ ਦੇ ਪੁੱਤਰ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਾਵੁਕ ਹੋ ਗਏ।
ਬਾਦਲ ਨੇ ਇਸ ਮੌਕੇ ਭਾਵੁਕ ਹੁੰਦਿਆਂ ਕਿਹਾ ਕਿ ਜੀਵਨ ਵਿਚ ਮਾਂ-ਬਾਪ ਦੀ ਸੇਵਾ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਅਤੇ ਜਿਸ ਕੋਲ ਵੀ ਹਾਲੇ ਇਹ ਮੌਕਾ ਹੈ ਉਹ ਇਸ ਮੌਕੇ ਦਾ ਲਾਹਾ ਲਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ ਜੀ ਦੀਆਂ ਦੁਆਵਾ ਅਤੇ ਪਿਤਾ ਜੀ ਵੱਲੋਂ ਮਿਲੀ ਸੂਝ ਨਾਲ ਹੀ ਉਹ ਜ਼ਿੰਦਗੀ ਵਿਚ ਇਸ ਮੁਕਾਮ ਤੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਮਾਤਾ ਜੀ ਅਤੇ ਪਿਤਾ ਜੀ ਦਾ ਜੀਵਨ ਵਿਚੋਂ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸ ਨੇ ਉਨ੍ਹਾਂ ਨੂੰ ਇੱਕਲਾ ਕਰ ਦਿੱਤਾ ਹੈ ਪਰ ਅੱਜ ਉਨ੍ਹਾਂ ਦੇ ਨਮਿਤ ਰੱਖੀ ਅੰਤਿਮ ਅਰਦਾਸ ਵਿਚ ਉਨ੍ਹਾਂ ਦੇ ਸਨੇਹੀਆਂ ਨੇ ਆ ਕੇ ਉਨ੍ਹਾਂ ਦੇ ਮਨ ਨੂੰ ਹਿੰਮਤ ਦਿੱਤੀ ਹੈ।
ਗੁਰਦਾਸ ਸਿੰਘ ਬਾਦਲ ਜਿੰਨਾਂ ਨੂੰ ਉਨ੍ਹਾਂ ਦੇ ਚਾਹੁਣ ਵਾਲੇ ‘ਦਾਸ ਜੀ’ ਕਿਹਾ ਕਰਦੇ ਸਨ, ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਇਕ ਵੱਡੇ ਛਾਂਦਾਰ ਰੁੱਖ ਵਾਂਗ ਸਨ ਅਤੇ ਉਨ੍ਹਾਂ ਦੇ ਸਨੇਹ ਅਤੇ ਪਿਆਰ ਦੀ ਛਾਂ ਵਿਚ ਕਿੰਨੀਆਂ ਹੀ ਵੱਡੀਆਂ ਸ਼ਖ਼ਸੀਅਤਾਂ ਨੇ ਉਭਰ ਕੇ ਸਿਆਸਤ ਅਤੇ ਹੋਰ ਖੇਤਰਾਂ ਵਿਚ ਮੱਲ੍ਹਾਂ ਮਾਰੀਆਂ ਹਨ। ਉਹ ਹਮੇਸ਼ਾਂ ਆਮ ਲੋਕਾਂ ਨਾਲ ਜੁੜੇ ਰਹੇ ਅਤੇ ਲੋਕਾਂ ਦਾ ਪਿਆਰ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਕਮਾਈ ਸੀ। ਵਿੱਤ ਮੰਤਰੀ ਨੇ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਏ ਸਮੂਹ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ‘ਦਾਸ ਜੀ’ ਨੂੰ ਚਾਹੁਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਜੀ ਦੇ ਨਕਸ਼ ਏ ਕਦਮ ‘ਤੇ ਚੱਲਣਗੇ ਅਤੇ ਉਨ੍ਹਾਂ ਦੀ ਇਹੀ ਅਰਦਾਸ ਹੈ ਕਿ ਉਨ੍ਹਾਂ ਦਾ ਜੀਵਨ ਇਸ ਧਰਤ ਦੀ ਸੇਵਾ ਵਿਚ ਸਮਰਪਿਤ ਰਹੇ।
ਇਸ ਮੌਕੇ ‘ਦਾਸ ਜੀ’ ਦੇ ਭਰਾ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸਾਬਕਾ ਉਪਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਦੀਪਇੰਦਰ ਸਿੰਘ ਬਾਦਲ, ਲਾਲੀ ਬਾਦਲ, ਮਹੇਸ਼ਇੰਦਰ ਸਿੰਘ ਬਾਦਲ, ਮੇਜਰ ਭੁਪਿੰਦਰ ਸਿੰਘ, ਵਿਨੂੰ ਬਾਦਲ, ਪਰਨੀਤ ਕੌਰ, ਹਰਸਿਮਰਤ ਕੌਰ ਬਾਦਲ, ਜੈਜੀਤ ਸਿੰਘ ਜੌਹਲ, ਗੁਰਰਾਜ ਸਿੰਘ ਫੱਤਣਵਾਲਾ, ਮਨਜੀਤ ਸਿੰਘ ਫੱਤਣਵਾਲਾ, ਜਗਜੀਤ ਸਿੰਘ ਹਨੀ ਫੱਤਣਵਾਲਾ, ਉਨ੍ਹਾਂ ਦੇ ਪੋਤਰੇ ਅਰਜੁਨ ਸਿੰਘ ਬਾਦਲ ਅਤੇ ਪੋਤਰੀ ਰਿਆ ਬਾਦਲ, ਜਗਬੀਰ ਸਿੰਘ ਬਰਾੜ ਆਦਿ।
ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਗੁਰਕੀਰਤ ਸਿੰਘ ਕੋਟਲੀ, ਰਣਦੀਪ ਸਿੰਘ ਨਾਭਾ, ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਜੀਪੀ, ਰਾਕੇਸ਼ ਪਾਂਡੇ, ਬਲਜਿੰਦਰ ਕੌਰ ਅਤੇ ਮੁੱਖ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਦਿਨਕਰ ਗੁਪਤਾ ਡੀਜੀਪੀ ਪੰਜਾਬ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਿਸੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਗੁਰਕੀਰਤਪਾਲ ਸਿੰਘ, ਓਐਸਡੀ ਮੇਜਰ ਅਮਰਦੀਪ ਸਿੰਘ, ਦਮਨਵੀਰ ਸਿੰਘ ਮੋਹੀ, ਸਿਕੰਦਰ ਸਿੰਘ ਮਲੂਕਾ, ਬਲਵਿੰਦਰ ਸਿੰਘ ਭੂੰਦੜ ਆਦਿ ਵੀ ਹਾਜ਼ਰ ਸਨ।