ਜਿਲ੍ਹਾ ਪਟਿਆਲਾ ਵਿਖੇ ਚੰਗੀ ਖਬਰ ਆਈ ਹੈ ਜਿਥੇ ਢਾਈ ਸਾਲਾ ਬੱਚੀ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਪਟਿਆਲਾ ਵਿਖੇ ਕੋਰੋਨਾ ਵਾਇਰਸ ਸਬੰਧੀ 74 ਸੈਂਪਲ ਟੈਸਟ ਲਈ ਭੇਜੇ ਗਏ ਸਨ ਤੇ ਇਨ੍ਹਾਂ ਵਿਚ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਵਿਚੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਦਾਖਲਾ ਢਾਈ ਸਾਲਾ ਦੀ ਬੱਚੀ ਅਕਸ਼ਿਆ ਨੇ ਕੋਰੋਨਾ ‘ਤੇ ਜਿੱਤ ਹਾਸਲ ਕਰ ਲਈ ਹੈ। ਹਸਪਤਾਲ ‘ਚੋਂ ਛੁੱਟੀ ਮਿਲਣ ਤੋਂ ਬਾਅਦ ਉਸ ਨੇ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਸਿਵਲ ਸਰਜਨ ਹਰੀਸ਼ ਮਲਹੋਤਾਰ ਨੇ ਦਿੱਤੀ।
ਕੋਰੋਨਾ ਵਾਇਰਸ ਦੀ ਮਹਮਾਰੀ ਦੇ ਚੱਲਦਿਆਂ ਬਰਨਾਲਾ ਜ਼ਿਲ੍ਹੇ ਲਈ ਵੱਡੀ ਰਾਹਤ ਵਾਲੀ ਖ਼ਬਰ ਆਈ, ਜਦੋਂ ਜ਼ਿਲ੍ਹੇ ਦੇ 17 ਵਿਅਕਤੀਆਂ ਨੇ ਕੋਵਿਡ-19 ਨੂੰ ਮਾਤ ਦੇ ਦਿੱਤੀ ਹੈ। ਇਨ੍ਹਾਂ 17 ਵਿਅਕਤੀਆਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਤੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਦੀ ਹਾਜ਼ਰੀ ‘ਚ ਪੱਤੀ ਸੋਹਲ ਆਈਸੋਲੇਸ਼ਨ ਸੈਂਟਰ ‘ਚੋਂ ਘਰਾਂ ਨੂੰ ਭੇਜ ਦਿੱਤਾ ਗਿਆ। ਸਿਵਲ ਸਰਜਨ ਬਰਨਾਲਾ ਅਨੁਸਾਰ ਐਕਟਿਵ ਕੇਸਾਂ ‘ਚੋਂ ਰਹਿੰਦੇ 2 ਵਿਅਕਤਆਂ ਨੂੰ ਵੀ ਘਰ ਭੇਜਣ ਦੀ ਤਿਆਰੀ ਹੈ, ਇਸ ਤਰ੍ਹਾਂ ਜ਼ਿਲ੍ਹਾ ਬਰਨਾਲਾ ਕੋਰੋਨਾ ਮੁਕਤ ਹੋ ਜਾਵੇਗਾ ਇਸ ਨਾਲ ਹੀ ਹੁਣ ਰਾਹਤ ਭਰੀ ਖ਼ਬਰ ਆਈ ਹੈ ਕਿ ਸੂਬੇ ‘ਚ 500 ਤੋਂ ਵੱਧ ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।
ਇਨ੍ਹਾਂ ਠੀਕ ਹੋਏ ਮਰੀਜ਼ਾਂ ‘ਚ ਗੁਰਦਾਸਪੁਰ ‘ਚ 91 ਮਰੀਜ਼ ਕੋਰੋਨਾ ਮੁਕਤ ਹੋ ਕੇ ਘਰ ਭੇਜੇ ਗਏ। ਜਲੰਧਰ ਸਿਵਲ ਹਸਪਤਾਲ ਚੋਂ ਵੀ ਕਰੀਬ 79 ਮਰੀਜ਼ਾਂ ਨੂੰ ਠੀਕ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ। ਹੁਸ਼ਿਆਰਪੁਰ ‘ਚ 78 ਮਰੀਜ਼ਾਂ ਚੋਂ 71 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਰਹੇ। ਅੰਮ੍ਰਿਤਸਰ-ਤਰਨਤਾਰਨ ‘ਚ ਹਜ਼ੂਰ ਸਾਹਿਬ ਤੋਂ ਆਏ 74-74 ਸ਼ਰਧਾਲੂ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਕੋਰੋਨਾ ਨੂੰ ਲੈ ਕੇ ਪੰਜਾਬ ਭਰ ਤੋਂ ਹੁਣ ਰਾਹਤ ਭਰੀਆਂ ਖ਼ਬਰਾਂ ਆਈਆਂ ਹਨ। ਅੱਜ ਸੂਬੇ ‘ਚ 350 ਦੇ ਕਰੀਬ ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਸੂਬੇ ‘ਚ ਮਰੀਜ਼ਾਂ ਦੀ ਗਿਣਤੀ ‘ਚ ਵੀ ਭਾਰੀ ਕਮੀ ਆਈ ਹੈ।