ਅੰਮ੍ਰਿਤਸਰ ਜਿਲ੍ਹੇ ਵਿਚ ਕੋਰੋਨਾ ਨਾਲ ਜੰਗ ਜਾਰੀ ਹੈ ਅਤੇ ਇਹ ਲੋਕਾਂ ਦੇ ਸਾਥ ਨਾਲ ਹੀ ਜਿੱਤੀ ਜਾਣੀ ਹੈ। ਹੁਣ ਤੱਕ ਜਿਲ੍ਹੇ ਵਿਚ 1859 ਕੇਸਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਰੋਜ਼ਾਨਾ 50 ਤੋਂ ਵੱਧ ਮਰੀਜ਼ ਸਾਹਮਣੇ ਆ ਰਹੇ ਹਨ।”ਇਹ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਮਰੀਜਾਂ ਵਿਚੋਂ ਹੁਣ ਤੱਕ 1321 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਕੇਵਲ 460 ਕੋਵਿਡ ਮਰੀਜ਼ ਇਲਾਜ ਅਧੀਨ ਹਨ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਹਵਾਈ ਅੱਡਾ, ਅੰਤਰਰਾਸ਼ਟਰੀ ਸਰਹੱਦ ਅਤੇ ਰੇਲਵੇ ਜੰਕਸ਼ਨ ਹੋਣ ਕਾਰਨ ਬਾਹਰੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਕੇਸਾਂ ਦੇ ਵਾਧੇ ਵਿਚ ਇਹ ਵੀ ਵੱਡਾ ਕਾਰਨ ਹੈ।ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਸਾਡੇ ਸਰਕਾਰੀ ਹਸਪਤਾਲ ਵਿਚ ਮਰੀਜਾਂ ਲਈ ਪੁਖਤਾ ਪ੍ਰਬੰਧ ਹਨ, ਪਰ ਫਿਰ ਵੀ ਕਈ ਲੋਕ ਆਪਣੀ ਇੱਛਾ ਨਾਲ ਸਥਾਨਕ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਨਿੱਜੀ ਹਸਪਤਾਲਾਂ ਵਿਚੋਂ ਵੀ ਇਲਾਜ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਹਰਾਉਣ ਵਾਲੇ ਮਰੀਜ਼ਾਂ ਵਿਚ ਵੱਡੀ ਉਮਰ ਦੇ ਲੋਕਾਂ ਤੋਂ ਇਲਾਵਾ ਗਰਭਵਤੀ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਜਿਲ੍ਹੇ ਵਿਚ 78 ਲੋਕਾਂ ਦੀ ਜਾਨ ਵੀ ਕੋਵਿਡ-19 ਕਾਰਨ ਜਾ ਚੁੱਕੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਹ ਲਾਇਲਾਜ ਬਿਮਾਰੀ ਤੋਂ ਇਕੋ-ਇਕ ਬਚਾਅ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਹੈ, ਜਿਸ ਨੂੰ ਲਾਗੂ ਕਰਨਾ ਆਪਣੀ ਜਿੰਦਗੀ ਦਾ ਹਿੱਸਾ ਬਣਾਉ।
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮਾਸਕ ਲਗਾ ਕੇ ਘਰੋਂ ਬਾਹਰ ਜਾਂਦੇ ਹੋ, ਆਪਸੀ ਦੂਰੀ 2 ਮੀਟਰ ਦੀ ਰੱਖਦੇ ਹੋ ਅਤੇ ਮੂੰਹ, ਨੱਕ ਨੂੰ ਹੱਥ ਲਗਾਉਣ ਤੋਂ ਪਹਿਲਾਂ ਪਾਣੀ ਨਾਲ ਚੰਗੀ ਤਰਾਂ ਧੋ ਲੈਂਦੇ ਹੋ ਤਾਂ ਤੁਹਾਨੂੰ ਵਾਇਰਸ ਦੀ ਲਾਗ ਨਹੀਂ ਲੱਗ ਸਕਦੀ। ਉਨ੍ਹਾਂ ਕਿਹਾ ਕਿ ਇਨਾਂ ਹਦਾਇਤਾਂ ਵਿਚ ਰਤੀ ਭਰ ਵੀ ਕੁਤਾਹੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੰਕਟ ਵਿਚ ਪਾ ਸਕਦੀ ਹੈ, ਇਸ ਲਈ ਸਿਹਤ ਵਿਭਾਗ ਦੀ ਗੱਲ ਨੂੰ ਪੱਲੇ ਬੰਨ੍ਹੋ।