ਪੰਜਾਬ ’ਚ ਲੌਕਡਾਊਨ 4.0 ਦੇ ਚੱਲਦਿਆਂ ਚੋਣਵੇਂ ਰੂਟਾਂ ’ਤੇ ਬੱਸ ਸੇਵਾ ਮੁੜ ਸ਼ੁਰੂ

ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀਆਂ ਸੂਬੇ ‘ਚ ਲੱਗੇ ਕਰਫ਼ਿਊ ਦੇ ਖ਼ਤਮ ਹੋਣ ਤੋਂ 57 ਦਿਨਾਂ ਬਾਅਦ ਲੌਕਡਾਊਨ 4.0 ’ਚ ਅੱਜ ਬੁੱਧਵਾਰ ਤੋਂ ਮੁੜ ਸੜਕਾਂ ‘ਤੇ ਦੌੜਦੀਆਂ ਨਜ਼ਰ ਆਉਣ ਲੱਗੀਆਂ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਕੱਲ੍ਹ ਪਟਿਆਲਾ, ਚੰਡੀਗੜ੍ਹ, ਸੰਗਰੂਰ, ਬੁਢਲਾਢਾ, ਬਠਿੰਡਾ, ਲੁਧਿਆਣਾ, ਫ਼ਰੀਦਕੋਟ, ਕਪੂਰਥਲਾ ਤੇ ਬਰਨਾਲਾ ਡਿਪੂ ਤੋਂ ਬੱਸ ਸੇਵਾ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਅੱਜ 20 ਮਈ ਤੋਂ ਪੀਆਰਟੀਸੀ ਦੇ ਪੰਜਾਬ ‘ਚ ਪੈਂਦੇ ਕਰੀਬ 9 ਡਿੱਪੂਆਂ ਦੀਆਂ 80 ਰੂਟਾਂ ਤੇ ਬੱਸਾਂ ਸ਼ੁਰੂ ਹੋ ਗਈਆਂ ਹਨ। ਪੀਆਰਟੀਸੀ ਵਲੋਂ ਬੱਸ ਸੇਵਾ ਸ਼ੁਰੂ ਕੀਤੇ ਜਾਣ ਸਬੰਧੀ ਪੰਜਾਬ ਦੇ 80 ਰੂਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ ‘ਚ ਪਟਿਆਲਾ ਡਿਪੂ ਦੇ 16, ਚੰਡੀਗੜ੍ਹ ਡਿਪੂ ਦੇ 6, ਸੰਗਰੂਰ ਡਿਪੂ ਦੇ 11, ਬਰਨਾਲਾ ਡਿਪੂ ਦੇ 7, ਬਠਿੰਡਾ ਡਿਪੂ ਦੇ 9, ਫ਼ਰੀਦਕੋਟ ਡਿਪੂ ਦੇ 6, ਬੁਢਲਾਡਾ ਦੇ 10, ਲੁਧਿਆਣਾ ਦੇ 9 ਤੇ ਕਪੂਰਥਲਾ ਡਿਪੂ ਦੇ 6 ਰੂਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਰੂਟਾਂ ਤੋਂ ਇਲਾਵਾ ਜੇਕਰ ਡਿਪੂ ਪੱਧਰ ‘ਤੇ ਕੋਈ ਹੋਰ ਰੂਟ ‘ਤੇ ਬੱਸ ਸੇਵਾ ਸ਼ੁਰੂ ਕਰਨ ਲਈ ਪੀਆਰਟੀਸੀ ਦੇ ਮੁੱਖ ਦਫ਼ਤਰ ਤੋਂ ਮਨਜੂਰੀ ਲੈਣੀ ਹੋਵੇਗੀ।

ਚੰਡੀਗੜ੍ਹ-ਡੱਬਵਾਲੀ ਵਾਇਆ ਪਟਿਆਲਾ ਬਠਿੰਡਾ, ਚੰਡੀਗੜ੍ਹ-ਫਿਰੋਜ਼ਪੁਰ ਵਾਇਆ ਲੁਧਿਆਣਾ, ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਨਵਾਂ ਸ਼ਹਿਰ, ਚੰਡੀਗੜ੍ਹ-ਪਠਾਨਕੋਟ ਵਾਇਆ ਹੁਸ਼ਿਆਰਪੁਰ, ਚੰਡੀਗੜ੍ਹ-ਅੰਬਾਲਾ ਅਤੇ ਚੰਡੀਗੜ੍ਹ-ਨੰਗਲ ਵਾਇਆ ਰੋਪੜ ਦੇ ਰੂਟਾਂ ’ਤੇ ਬੱਸ ਸਰਵਿਸ ਸ਼ੁਰੂ ਹੋਵੇਗੀ। ਲਿੰਕ ਸੜਕਾਂ ’ਤੇ ਹਾਲੇ ਬੱਸਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਵੇਗੀ। ਜੋ ਬੱਸਾਂ ਹੁਣ ਚੱਲਣੀਆਂ ਹਨ, ਉਹ ਵੀ ਰਸਤੇ ਵਿੱਚ ਨਹੀਂ ਰੁਕਣਗੀਆਂ। ਇਸੇ ਤਰ੍ਹਾਂ ਬਠਿੰਡਾ-ਮੋਗਾ-ਹੁਸ਼ਿਆਰਪੁਰ, ਲੁਧਿਆਣਾ-ਮਾਲੇਰਕੋਟਲਾ-ਪਾਤੜਾਂ, ਅਬੋਹਰ-ਮੋਗਾ-ਮੁਕਤਸਰ-ਜਲੰਧਰ, ਪਟਿਆਲਾ-ਮਾਨਸਾ-ਮਲੋਟ, ਫਿਰੋਜ਼ਪੁਰ-ਅੰਮ੍ਰਿਤਸਰ-ਪਠਾਨਕੋਟ, ਜਲੰਧਰ-ਅੰਬਾਲਾ ਕੈਂਟ, ਬਠਿੰਡਾ-ਅੰਮ੍ਰਿਤਸਰ, ਜਲੰਧਰ-ਨੂਰਮਹਿਲ, ਅੰਮ੍ਰਿਤਸਰ-ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ-ਟਾਂਡਾ, ਜਗਰਾਓਂ-ਰਾਏਕੋਟ, ਮੁਕਤਸਰ-ਬਠਿੰਡਾ, ਫਿਰੋਜ਼ਪੁਰ-ਮੁਕਤਸਰ, ਬੁਢਲਾਡਾ-ਰਤੀਆ, ਫਿਰੋਜ਼ਪੁਰ-ਫਾਜ਼ਿਲਕਾ, ਫਰੀਦਕੋਟ-ਲੁਧਿਆਣਾ-ਚੰਡੀਗੜ੍ਹ, ਬਰਨਾਲਾ-ਸਿਰਸਾ ਆਦਿ ਰੂਟਾਂ ’ਤੇ ਬੱਸ ਸਰਵਿਸ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ-ਜਲੰਧਰ-ਅੰਮ੍ਰਿਤਸਰ, ਗੋਇੰਦਵਾਲ ਸਾਹਿਬ-ਪੱਟੀ, ਹੁਸ਼ਿਆਰਪੁਰ-ਨੰਗਲ, ਅਬੋਹਰ-ਬਠਿੰਡਾ-ਸਰਦੂਲਗੜ੍ਹ, ਲੁਧਿਆਣਾ-ਸੁਲਤਾਨਪੁਰ ਅਤੇ ਫਗਵਾੜਾ-ਨਕੋਦਰ ਰੂਟ ਆਦਿ ’ਤੇ ਵੀ ਬੱਸ ਸਰਵਿਸ ਸ਼ੁਰੂ ਹੋ ਗਈ ਹੈ।

ਪੀਆਰਟੀਸੀ ਵਲੋਂ ਸ਼ੁਰੂ ਕੀਤੀ ਜਾ ਰਹੀ ਬੱਸ ਸੇਵਾ ਲਈ ਕੋਵਿਡ-19 ਤੋਂ ਬਚਾਅ ਸਬੰਧੀ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ‘ਚ ਬੱਸ ਦੇ ਰੂਟ ਤੇ ਜਾਣ ਤੋਂ ਪਹਿਲਾਂ ਸਵਾਰੀਆਂ ਦੀ ਟਿਕਟਾਂ ਅਡਵਾਂਸ ਬੁਕਿੰਗ ਏਜੰਟ ਵਲੋਂ ਜਾਂ ਕੰਡਕਟਰ ਵਲੋਂ ਬੱਸ ਸਟੈਂਡ’ਤੇ ਹੀ ਕੱਟੀਆਂ ਜਾਣਗੀਆਂ। ਮੁਫ਼ਤ ਜਾਂ ਰਿਆਇਤੀ ਦਰਾਂ ‘ਤੇ ਸਫਰ ਕਰਨ ਵਾਲੇ ਯਾਤਰੀਆਂ ਦਾ ਇੰਦਰਾਜ ਵੀ ਮੌਕੇ ‘ਤੇ ਬੱਸ ਅੱਡੇ ਵਿੱਚ ਹੀ ਹੋਵੇਗਾ। ਟਿਕਟ ਕੱਟਣ ਵਾਲੇ ਵਲੋਂ ਟਿਕਟ ਕੱਟਣ ਤੋਂ ਪਹਿਲਾਂ ਤੇ ਬਾਅਦ ‘ਚ ਸਾਬਣ ਤੇ ਪਾਣੀ ਨਾਲ ਹੱਥ ਵੀ ਧੋਣਗੇ। ਸਫ਼ਰ ਦੌਰਾਨ ਕਿਸੇ ਵੀ ਹਾਲ ਵਿੱਚ ਬਸ ‘ਚ ਬੈਠਣ ਦੀ ਸਮਰੱਥਾ ਅਨੁਸਾਰ 50% ਸੀਟਾਂ ਤੋਂ ਵੱਧ ਸਵਾਰੀ ਨਹੀਂ ਬਿਠਾਈ ਜਾਵੇਗੀ ਅਤੇ ਟਿਕਟ ਕੱਟਣ ਤੇ ਬੈਠਣ ਸਮੇਂ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇਗਾ। ਸਵਾਰੀਆਂ ਦੇ ਮਾਸਕ ਪਹਿਨਣਾ ਵੀ ਜਰੂਰੀ ਹੋਵੇਗਾ ਤੇ ਮਾਸਕ ਤੋਂ ਬਿਨਾਂ ਬੱਸ ‘ਚ ਜਾਣ ਦੀ ਮਨਜੂਰੀ ਨਹੀਂ ਦਿੱਤੀ ਜਾਵੇਗੀ। ਬੱਸ ਨੂੰ ਸੈਨੇਟਾਈਜ਼ ਕਰਨਾ ਵੀ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਬੱਸ ‘ਚ ਮੌਜੂਦ ਡਰਾਈਵਰ ਤੇ ਕੰਡਕਟਰ ਮਾਸਕ ਤੇ ਦਸਤਾਨੇ ਪਾਉਣੇ ਯਕੀਨੀ ਬਣਾਉਣਗੇ। ਡਰਾਈਵਰ ਕੈਬਿਨ ਤੇ ਸਵਾਰੀਆਂ ਵਿਚਕਾਰ ਸ਼ੀਸ਼ਾ ਜਾਂ ਪਲਾਸਟਿਕ ਸ਼ੀਟ ਨਾਲ ਆਰਜ਼ੀ ਢੰਗ ਨਾਲ ਵੱਖ ਕੀਤਾ ਜਾਵੇਗਾ।

Leave a Reply

Your email address will not be published. Required fields are marked *