ਪੰਜਾਬ ਚ’ ਫ਼ਿਰ ਵਧਿਆ ਕਰੋਨਾ ਦਾ ਕਹਿਰ: ਇਹਨਾਂ ਥਾਂਵਾਂ ਤੇ ਫ਼ਿਰ ਤੋਂ ਹੋ ਸਕਦੀ ਹੈ ਸਖ਼ਤੀ

ਪੰਜਾਬ ‘ਚ ਕੋਰੋਨਾ ਦਾ ਕਹਿਰ ਦਿਨ-ਬ-ਦਿਨ ਲਗਾਤਾਰ ਵੱਧ ਰਿਹਾ ਹੈ। ਪਿਛਲੇ ਦੋ ਦਿਨਾਂ ਵਿਚ ਸੂਬੇ ਅੰਦਰ ਇਸ ਮਹਾਮਾਰੀ ਨਾਲ 25 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 1046 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ‘ਚ ਕੋਰੋਨਾ ਦੇ ਟੈਸਟ ਦੀ ਰਫ਼ਤਾਰ ਜਿਵੇਂ-ਜਿਵੇਂ ਵੱਧ ਰਹੀ ਹੈ, ਉਸੇ ਤਰ੍ਹਾਂ ਵੱਡੀ ਗਿਣਤੀ ‘ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਪਰ ਪਿਛਲੇ ਦੇ ਦਿਨਾਂ ‘ਚ ਇਸ ਮਹਾਮਾਰੀ ਨਾਲ ਹੋਈਆਂ 25 ਮੌਤਾਂ ਕਾਰਣ ਸੂਬੇ ‘ਚ ਫਿਰ ਤੋਂ ਸਖ਼ਤੀ ਵਧਾਉਣ ਵਾਲੇ ਫ਼ੈਸਲੇ ਲਏ ਜਾ ਸਕਦੇ ਹਨ।

ਕੇਂਦਰ ਅਤੇ ਸੂਬਾ ਸਰਕਾਰ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਕਿ ਜੇਕਰ ਕੋਰੋਨਾ ਦੇ ਹਾਲਾਤ ਵਿਗੜਦੇ ਹਨ ਤਾਂ ਲਾਕਡਾਊਨ ਵਿਚ ਦਿੱਤੀ ਗਈ ਢਿੱਲ ਮੁੜ ਤੋਂ ਸਖ਼ਤ ਕੀਤੀ ਜਾ ਸਕਦੀ ਹੈ। ਇਕੱਲੇ ਸ਼ਨੀਵਾਰ ਨੂੰ ਇਸ ਬਿਮਾਰੀ ਨਾਲ ਸੂਬੇ ‘ਚ 14 ਲੋਕਾਂ ਦੀ ਮੌਤ ਹੋਈ ਸੀ ਜਦਕਿ ਐਤਵਾਰ ਨੂੰ ਇਕ ਵਾਰ ਫਿਰ 11 ਮੌਤਾਂ ਦੀ ਪੁਸ਼ਟੀ ਹੋਈ ਹੈ। ਸ਼ਨੀਵਾਰ ਨੂੰ ਕੋਰੋਨਾ ਦੇ 492 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ ਐਤਵਾਰ ਨੂੰ ਇਕ ਦਿਨ ‘ਚ ਸਭ ਤੋਂ ਜ਼ਿਆਦਾ 554 ਨਵੇਂ ਮਾਮਲੇ ਸਾਹਮਣੇ ਆਏ ਸਨ।

ਪੰਜਾਬ ‘ਚ ਹੁਣ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 13,389 ਹੋ ਗਈ ਹੈ ਜਦਕਿ ਸੂਬੇ ‘ਚ ਇਸ ਬਿਮਾਰੀ ਨਾਲ ਹੁਣ ਤੱਕ 309 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਲੁਧਿਆਣਾ ‘ਚ ਸਭ ਤੋਂ ਜ਼ਿਆਦਾ 127 ਮਾਮਲੇ ਸਾਹਮਣੇ ਆਏ ਜਦਕਿ ਪਟਿਆਲਾ ‘ਚ 84, ਜਲੰਧਰ ‘ਚ 79 ਅਤੇ ਅੰਮ੍ਰਿਤਸਰ ‘ਚ 42 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਐਤਵਾਰ ਨੂੰ ਜਲੰਧਰ ‘ਚ 3, ਲੁਧਿਆਣਾ, ਗੁਰਦਾਸਪੁਰ ਅਤੇ ਰੂਪ ਨਗਰ ‘ਚ 2-2 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ ਅੰਮ੍ਰਿਤਸਰ ਅਤੇ ਬਠਿੰਡਾ ‘ਚ 1-1 ਮਰੀਜ਼ ਨੇ ਦਮ ਤੋੜ ਦਿੱਤਾ।

ਜੁਲਾਈ ‘ਚ ਵਿਗੜੇ ਹਾਲਾਤ, 26 ਦਿਨਾਂ ‘ਚ 165 ਮੌਤਾਂ – ਪੰਜਾਬ ‘ਚ ਜੁਲਾਈ ਮਹੀਨੇ ‘ਚ ਕੋਰੋਨਾ ਦੀ ਸਥਿਤੀ ਜ਼ਿਆਦਾ ਵਿਗੜੀ ਹੈ। ਪਿਛਲੇ 26 ਦਿਨਾਂ ‘ਚ ਸੂਬੇ ‘ਚ 165 ਲੋਕਾਂ ਦੀ ਮੌਤ ਹੋਈ ਹੈ। ਸਿਹਤ ਵਿਭਾਗ ਦੇ ਅਧਿਕਾਰਿਤ ਅੰਕੜਿਆਂ ਮੁਤਾਬਕ 30 ਜੂਨ ਨੂੰ ਪੰਜਾਬ ‘ਚ ਕੋਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ 144 ਸੀ ਜੋ ਐਤਵਾਰ ਨੂੰ ਵੱਧ ਕੇ 309 ਹੋ ਗਈ। ਇਸ ਤੋਂ ਪਹਿਲਾਂ ਜੂਨ ‘ਚ ਪੰਜਾਬ ਵਿਚ 99 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਸੀ।

ਜੁਲਾਈ ‘ਚ ਵਧੀ ਟੈਸਟ ਦੀ ਰਫ਼ਤਾਰ ਰੋਜ਼ਾਨਾ ਔਸਤਨ 8827 ਟੈਸਟ – ਜੁਲਾਈ ‘ਚ ਪੰਜਾਬ ਅੰਦਰ ਕੋਰੋਨਾ ਦੇ ਟੈਸਟ ਕਰਵਾਉਣ ਦੀ ਔਸਤਨ ਰਫ਼ਤਾਰ ਵੀ ਵਧੀ ਹੈ। ਹੁਣ ਤੱਕ ਪੰਜਾਬ ‘ਚ ਕੁੱਲ 5,31,336 ਟੈਸਟ ਹੋ ਚੁੱਕੇ ਹਨ, 30 ਜੂਨ ਨੂੰ ਇਹ ਗਿਣਤੀ 3,01,830 ਸੀ ਭਾਵ ਪਿਛਲੇ 26 ਦਿਨਾਂ ‘ਚ ਸੂਬੇ ‘ਚ 2,29,506 ਲੋਕਾਂ ਦੇ ਟੈਸਟ ਹੋਏ ਹਨ। ਇਸ ਤੋਂ ਪਹਿਲਾਂ 31 ਮਈ ਤੱਕ ਸੂਬੇ ‘ਚ 87,852 ਲੋਕਾਂ ਦੇ ਟੈਸਟ ਹੋਏ ਸਨ ਜੋ 30 ਜੂਨ ਨੂੰ ਵੱਧ ਕੇ 2,13,978 ਹੋ ਗਏ ਭਾਵ ਜੂਨ ‘ਚ ਰੋਜ਼ਾਨਾ ਔਸਤਨ 7,132 ਲੋਕਾਂ ਦਾ ਟੈਸਟ ਹੋਇਆ ਸੀ ਜੋ ਜੁਲਾਈ ‘ਚ ਵੱਧ ਕੇ 8,827 ਹੋ ਗਿਆ ਅਤੇ ਜੁਲਾਈ ‘ਚ ਜੂਨ ਦੇ ਮੁਕਾਬਲੇ ਰੋਜ਼ਾਨਾ ਕਰੀਬ 1700 ਲੋਕਾਂ ਤੋਂ ਜ਼ਿਆਦਾ ਟੈਸਟ ਹੋ ਰਹੇ ਹਨ।

Leave a Reply

Your email address will not be published. Required fields are marked *