ਕੋਰੋਨਾ ਕਹਿਰ ਦੇ ਵਿਚਕਾਰ ਪੰਜਾਬ, ਹਰਿਆਣਾ, ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਗਰਮੀ ਨੇ ਵੱਟ ਕੱਢੇ ਹੋਏ ਹਨ। ਪੂਰਾ ਉੱਤਰ ਤੇ ਪੱਛਮੀ ਭਾਰਤ ਮੰਗਲਵਾਰ ਨੂੰ ਭਿਆਨਕ ਗਰਮੀ ਨਾਲ ਝੁਲਸਦਾ ਰਿਹਾ। ਪੰਜਾਬ ‘ਚ ਗਰਮੀ ਤੇ ਲੂ ਦੀਆਂ ਗਰਮ ਹਵਾਵਾਂ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਕਰ ਦਿੱਤਾ ਹੈ। ਅੱਜ ਗਰਮੀ ਨੇ ਬਠਿੰਡਾ ‘ਚ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਬਠਿੰਡਾ ‘ਚ ਪਾਰਾ 47.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਤੁਹਾਨੂੰ ਦੱਸ ਦੇਈਏ ਕਿ ਇਹ ਤਾਪਮਾਨ ਸਾਲ 2014 ‘ਚ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਦਿੱਲੀ ‘ਚ ਬੀਤੇ ਦਿਨੀਂ 26 ਮਈ ਨੂੰ ਪਈ ਗਰਮੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਹੀ ਰਾਜਸਥਾਨ ਦੇ ਚੁਰੂ ਵਿੱਚ ਪਾਰਾ 50 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜੋ ਕਿ ਪਿਛਲੇ 10 ਸਾਲਾਂ ਵਿੱਚ ਮਈ ਮਹੀਨੇ ‘ਚ ਦੂਜਾ ਵੱਧ ਤੋਂ ਵੱਧ ਤਾਪਮਾਨ ਹੈ। ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ 24 ਘੰਟਿਆਂ ਵਿੱਚ ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਦਿੱਲੀ ਵਿੱਚ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਵਧੇਰੇ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਬਿਹਾਰ, ਝਾਰਖੰਡ, ਉੜੀਸਾ, ਮਰਾਠਵਾੜਾ ਤੇ ਮੱਧ ਪ੍ਰਦੇਸ਼ ਵਿੱਚ ਤਾਪਮਾਨ ਵਿੱਚ ਵਾਧੇ ਦੇ ਕਾਰਨ ਲੋਕਾਂ ਨੂੰ ਅਗਲੇ ਦੋ ਤਿੰਨ ਦਿਨਾਂ ਤੱਕ ਗਰਮੀ ਦੇ ਝਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਮੌਸਮ ਵਿੱਚ 28 ਮਈ ਨੂੰ ਥੋੜ੍ਹੀ ਰਾਹਤ ਮਿਲੇਗੀ, ਜਦੋਂ ਤੇਜ਼ ਹਵਾਵਾਂ ਚੱਲਣਗੀਆਂ ਅਤੇ 29 ਅਤੇ 30 ਮਈ ਨੂੰ ਤੇਜ਼ ਝੱਖੜ ਝੁੱਲਣ ਅਤੇ ਮੀਂਹ ਪੈਣ ਦਾ ਅਨੁਮਾਨ ਹੈ। ਆਈਐਮਡੀ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਅਗਲੇ 2 ਤੋਂ 3 ਦਿਨਾਂ ਤੱਕ ਪਾਰਾ 47 ਡਿਗਰੀ ਸੈਲਸੀਅਸ ਤੱਕ ਜਾਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਸੀ ਕਿ ਇਹ ਪਹਿਲੀ ਵਾਰ ਹੈ ਜਦੋਂ ਗਰਮੀਆਂ ‘ਚ ਹੀਟਵੇਵ ਲਈ ‘ਰੈੱਡ’ ਚੇਤਾਵਨੀ ਦਿੱਤੀ ਗਈ ਹੈ।