ਕੇਂਦਰੀ ਤਰਜ਼ ’ਤੇ ਪੰਜਾਬ ਵਿਚ ਹੋਟਲ-ਰੈਸਟੋਰੈਂਟ, ਸ਼ਾਪਿੰਗ ਮਾਲਜ਼ ਅਤੇ ਧਾਰਮਿਕ ਅਸਥਾਨ ਅੱਠ ਜੂਨ ਤੋਂ ਖੁੱਲ੍ਹ ਜਾਣਗੇ। ਪੰਜਾਬ ਸਰਕਾਰ ਨੇ ਕੇਂਦਰੀ ਲੀਹਾਂ ’ਤੇ (ਲੌਕਡਾਊਨ 5-ਅਨਲੌਕ-1) ਪੜਾਅਵਾਰ ਢਿੱਲਾਂ ਦੇਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪ੍ਰਾਹੁਣਚਾਰੀ ਸੇਵਾਵਾਂ ਨੂੰ ਵੀ ਸਖ਼ਤ ਬੰਦਸ਼ਾਂ ਨਾਲ ਖੋਲ੍ਹੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਬੰਧਕਾਂ ਨੂੰ ਕੇਂਦਰੀ ‘ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ’ ਦੀ ਪਾਲਣਾ ਲਈ ਪਾਬੰਦ ਕੀਤਾ ਗਿਆ ਹੈ।
ਸ਼ਾਪਿੰਗ ਮਾਲ ਖੁੱਲ੍ਹਣਗੇ ਪਰ ਉਨ੍ਹਾਂ ਵਿੱਚ ਕੱਪੜੇ ਪਾ ਕੇ ਵੇਖਣ ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਰੈਸਟੋਰੈਂਟਾਂ ਵਿੱਚ ਖਾਣ ਪੀਣ ਤੇ ਰੋਕ ਹੋਵੇਗੀ ਤੇ ਧਾਰਮਿਕ ਸਥਾਨਾਂ ‘ਤੇ ਪ੍ਰਸ਼ਾਦ ਜਾਂ ਲੰਗਰ ਵੰਡਣ’ ਤੇ ਵੀ ਪਾਬੰਦੀ ਹੋਵੇਗੀ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮਾਲ ਵਿੱਚ ਦਾਖਲ ਹੋਣ ਵਾਲਿਆਂ ਨੂੰ ਟੋਕਨ ਦਿੱਤੇ ਜਾਣਗੇ। ਧਾਰਮਿਕ ਸਥਾਨ ਸਵੇਰੇ ਪੰਜ ਵਜੇ ਤੋਂ ਰਾਤ ਦੇ ਅੱਠ ਵਜੇ ਤੱਕ ਖੁੱਲ੍ਹੇ ਰਹਿਣਗੇ। ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾਲ ਵਿੱਚ ਆਉਣ ਵਾਲੇ ਲੋਕਾਂ ਦੇ ਮੋਬਾਈਲ ਫੋਨਾਂ ਵਿੱਚ ਕੋਰੋਨਾ ਵਾਇਰਸ ਅਲਰਟ (COVA) ਐਪ ਹੋਣਾ ਲਾਜ਼ਮੀ ਹੈ। ਜੇ ਕਿਸੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਦੇ ਵੀ ਮੋਬਾਈਲ ਵਿੱਚ ਇਹ ਐਪ ਹੈ, ਤਾਂ ਉਸ ਪਰਿਵਾਰ ਨੂੰ ਮਾਲ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮਾਲ ਵਿੱਚ ਬੇਵਜਾਹ ਘੁੰਮਣ ਦੀ ਆਗਿਆ ਨਹੀਂ ਹੈ।
ਦਾਖਲੇ ‘ਤੇ ਟੋਕਨ ਦਿੱਤੇ ਜਾਣਗੇ ਅਤੇ ਮਾਲ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਸਮਾਂ ਸੀਮਾ ਤੈਅ ਕਰਨ ਦਾ ਪ੍ਰਬੰਧ ਵੀ ਹੋਵੇਗਾ। ਸਿਰਫ ਅਪਾਹਜ ਵਿਅਕਤੀ ਲਿਫਟ ਦੀ ਵਰਤੋਂ ਕਰਨਗੇ ਜਾਂ ਡਾਕਟਰੀ ਐਮਰਜੈਂਸੀ ਵਿੱਚ ਲਿਫਟ ਵਰਤੀ ਜਾ ਸਕੇਗੀ। ਦਿਸ਼ਾ ਨਿਰਦੇਸ਼ਾਂ ਅਨੁਸਾਰ ਕੱਪੜੇ ਜਾਂ ਗਹਿਣਿਆਂ ਨੂੰ ਪਾ ਕੇ ਵੇਖਣ ਦੀ ਆਗਿਆ ਨਹੀਂ ਹੋਵੇਗੀ। ਧਾਰਮਿਕ ਅਸਥਾਨ ਸਵੇਰੇ 5 ਵਜੇ ਤੋਂ ਸ਼ਾਮ ਅੱਠ ਵਜੇ ਤੱਕ ਖੁੱਲ੍ਹ ਸਕਣਗੇ ਪਰ ਊਥੇ ਪ੍ਰਸ਼ਾਦ ਅਤੇ ਲੰਗਰ ਵਗੈਰਾ ਵਰਤਾਏ ਜਾਣ ਦੀ ਮਨਾਹੀ ਹੋਵੇਗੀ। ਪੂਜਾ ਸਮੇਂ ਇੱਕੋ ਸਮੇਂ 20 ਤੋਂ ਜ਼ਿਆਦਾ ਸ਼ਰਧਾਲੂ ਦਾਖ਼ਲ ਨਹੀਂ ਹੋ ਸਕਣਗੇ ਅਤੇ ਇਸ ਸਮੇਂ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ।
ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਆਦਿ ਲਈ ਢੁੱਕਵੇਂ ਪ੍ਰਬੰਧ ਕਰਨਗੇ। ਸ਼ਾਪਿੰਗ ਮਾਲਜ਼ ’ਚ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਦੇ ਫੋਨ ’ਤੇ ‘ਕੋਵਾ ਐਪ’ ਹੋਣੀ ਲਾਜ਼ਮੀ ਹੋਵੇਗੀ। ਇੱਕ ਮੈਂਬਰ ਕੋਲ ‘ਕੋਵਾ ਐਪ’ ਹੋਣ ’ਤੇ ਪੂਰੇ ਪਰਿਵਾਰ ਨੂੰ ਮਾਲ ’ਚ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ। ਇਵੇਂ ਹੀ ਰੈਸਟੋਰੈਂਟ ਵਿਚ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਰੈਸਟੋਰੈਂਟ ਸਿਰਫ਼ ਹੋਮ ਡਲਿਵਰੀ ਜਾਂ ਫਿਰ ਟੇਕ ਅਵੇ (ਨਾਲ ਲੈ ਕੇ ਜਾਣ) ਦੀ ਸਹੂਲਤ ਹੀ ਦੇ ਸਕਣਗੇ। ਸਰਕਾਰ ਵੱਲੋਂ 15 ਜੂਨ ਨੂੰ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਅਗਲਾ ਫੈਸਲਾ ਲਿਆ ਜਾਵੇਗਾ। ਹੋਟਲਾਂ ਵਿਚਲੇ ਰੈਸਟੋਰੈਂਟ ਹਾਲੇ ਬੰਦ ਰਹਿਣਗੇ ਅਤੇ ਕਮਰਿਆਂ ਵਿਚ ਮਹਿਮਾਨਾਂ ਨੂੰ ਖਾਣਾ ਦੇਣ ਦੀ ਖੁੱਲ੍ਹ ਹੋਵੇਗੀ। ਹੋਰ ਢਿੱਲਾਂ ਦੇਣ ਬਾਰੇ ਅਗਾਮੀ ਫੈਸਲਾ ਹਫਤੇ ਮਗਰੋਂ ਹੋਵੇਗਾ।