ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਸਕੂਲ ਬੰਦ ਹਨ ਅਤੇ ਬੱਚਿਆਂ ਦੀਆਂ ਪੜ੍ਹਾਈਆਂ ਆਨਲਾਈਨ ਚੱਲ ਰਹੀਆਂ ਹਨ, ਇਸ ਦੌਰਾਨ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਸਾਰਿਆਂ ਨੂੰ ਪੜ੍ਹਾਈ ਸਬੰਧੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਲਈ ਅੱਜ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਪਣੇ ਫੇਸਬੁੱਕ ’ਤੇ ਲਾਈਵ ਹੋ ਕੇ ਮਾਪੇ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਨੂੰ ਸਕੂਲੀ ਕਿਤਾਬਾਂ ਬਾਜ਼ਾਰਾਂ ’ਚੋਂ ਕਿਸੇ ਵੀ ਦੁਕਾਨਦਾਰ ਤੋਂ ਖਰੀਦਣ ਲਈ ਕਿਹਾ।ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਇਸ ਸਬੰਧੀ ਕਿਸੇ ਵੀ ਮਾਪੇ ਜਾਂ ਵਿਦਿਆਰਥੀ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਉਨ੍ਹਾਂ ਨੂੰ ਈਮੇਲ ਕਰ ਸਕਦਾ ਹੈ ਜਾਂ ਉਨ੍ਹਾਂ ਨਾਲ ਫੋਨ ’ਤੇ ਵੀ ਗੱਲ ਕੀਤੀ ਜਾ ਸਕੀ ਹੈ। ਇਥੇ ਦੱਸਣਯੋਗ ਹੈ ਕਿ ਕਈ ਸਕੂਲ ਜਿਹੜੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਨਹੀਂ ਕਰਵਾ ਰਹੇ, ਵੱਲੋਂ ਵੀ ਟਿਊਸ਼ਨ ਫੀਸ ਲਈ ਮਾਪਿਆਂ ’ਤੇ ਦਬਾਅ ਪਾਇਆ ਜਾ ਰਿਹਾ ਹੈ, ਪਰ ਸਿੱਖਿਆ ਮੰਤਰੀ ਨੇ ਇਸ ਗੱਲ ਨੂੰ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ ਕਿ ਸਿਰਫ ਆਨਲਾਈਨ ਪੜ੍ਹਾਈ ਕਰਵਾਉਣ ਵਾਲੇ ਸਕੂਲ ਹੀ ਟਿਊਸ਼ਨ ਫੀਸ ਲੈ ਸਕਣਗੇ।ਉਨ੍ਹਾਂ ਸਕੂਲਾਂ ਨੂੰ ਦਿੱਤੀ ਜਾਣ ਵਾਲੀ ਫੀਸ ਸੰਬੰਧੀ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਸਕੂਲਾਂ ਨੂੰ ਸਿਰਫ ਟਿਊਸ਼ਨ ਫੀਸ ਹੀ ਦਿੱਤੀ ਜਾਵੇਗੀ ਅਤੇ ਇਹ ਫੀਸ ਸਿਰਫ ਉਨ੍ਹਾਂ ਸਕੂਲਾਂ ਨੂੰ ਹੀ ਦਿੱਤੀ ਜਾਵੇਗੀ ਜਿਹੜੇ ਸਕੂਲ ਆਨਲਾਈਨ ਪੜ੍ਹਾ ਰਹੇ ਹਨ। ਇਸ ਤੋਂ ਇਲਾਵਾ ਬਾਰੀ ਸਕੂਲ ਇਹ ਫੀਸ ਨਹੀਂ ਲੈ ਸਕਦੇ। ਇਸ ਦੌਰਾਨ ਸਕੂਲਾਂ ਦੀ ਵਰਦੀ ਬਦਲਣ ਦੇ ਸਵਾਲਾਂ ਬਾਰੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਥੋਂ ਤੱਕ ਕਿਸੇ ਸਕੂਲ ਦੀ ਵਰਦੀ ਦੀ ਗੱਲ ਹੈ ਤਾਂ ਉਹ ਦੋ ਸਾਲ ਤੱਕ ਨਹੀਂ ਬਦਲੀ ਜਾਵੇਗੀ।