ਕੈਪਟਨ ਨੇ ਕੋਰੋਨਾ ਦੀ ਜੰਗ ਜਿੱਤਣ ਲਈ ਕੀਤਾ ਮਿਸ਼ਨ ਫਤਿਹ

ਕੋਰੋਨਾ ਵਾਇਰਸ (ਕੋਵਿਡ-19) ਖ਼ਿਲਾਫ਼ ਜੰਗ ਨੂੰ ਸੂਬੇ ਭਰ ਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ‘ਮਿਸ਼ਨ ਫਤਹਿ’ ਤਹਿਤ ਮਹੀਨਾ ਭਰ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਕਿ ਇਸ ਮਹਾਮਾਰੀ ਬਾਰੇ ਲੋਕਾਂ ਵਿੱਚ ਵਿਆਪਕ ਪੱਧਰ ਉਤੇ ਜਾਗਰੂਕਤਾ ਫੈਲਾਈ ਜਾ ਸਕੇ।

‘ਮਿਸ਼ਨ ਫਤਹਿ’ ਨੂੰ ਅਨੁਸ਼ਾਸਨ, ਸਹਿਯੋਗ ਤੇ ਹਮਦਰਦੀ ਰਾਹੀਂ ਨੋਵਲ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਦੇ ਲੋਕਾਂ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਦੱਸਦਿਆਂ ਮੁੱਖ ਮੰਤਰੀ ਨੇ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਉਤੇ ਜ਼ੋਰ ਦਿੱਤਾ।

WhatsApp Group (Join Now) Join Now

ਉਨ੍ਹਾਂ ਕਿਹਾ ਕਿ ਲੌਕਡਾਊਨ ਰੋਕਾਂ ਦੀ ਪਾਲਣਾ ਰਾਹੀਂ ਲੋਕ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਅਤੇ ਗਰੀਬਾਂ ਪ੍ਰਤੀ ਹਮਦਰਦੀ ਦਿਖਾਉਣ। ਇਹੀ ਪੰਜਾਬੀਅਤ ਦੀ ਭਾਵਨਾ ਦੀ ਅਸਲ ਤਰਜ਼ਮਾਨੀ ਹੋਵੇਗੀ, ਜਿਸ ਰਾਹੀਂ ਅਸੀਂ ਸਾਰੀਆਂ ਮੁਸ਼ਕਲਾਂ ਨਾਲ ਜੂਝ ਕੇ ਜੇਤੂ ਵਜੋਂ ਉਭਰਾਂਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ‘ਮਿਸ਼ਨ ਫਤਹਿ’ ਦਾ ਘੇਰਾ ਵਿਸ਼ਾਲ ਕਰਦਿਆਂ ਇਸ ਨੂੰ ਕੋਵਿਡ ਖ਼ਿਲਾਫ਼ ਜੰਗ ਦੇ ਮੋਹਰੀ ਜੰਗਜੂਆਂ ਤੋਂ ਅੱਗੇ ਲੈ ਕੇ ਜਾਏਗੀ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਇਸ ਲੜਾਈ ਨੂੰ ਲੋਕਾਂ ਦੀ, ਲੋਕਾਂ ਵੱਲੋਂ ਅਤੇ ਲੋਕਾਂ ਲਈ ਲੜਾਈ ਬਣਾਏਗੀ।

ਇਸ ਮੁਹਿੰਮ ਦੇ ਹਿੱਸੇ ਵਜੋਂ ਲੜੀਵਾਰ ਗਤੀਵਿਧੀਆਂ ਵਿੱਢੀਆਂ ਜਾਣਗੀਆਂ ਜੋ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਨਾਲ-ਨਾਲ ਵੱਖ-ਵੱਖ ਐਨ.ਜੀ.ਓਜ਼, ਦਾਨੀ ਸੰਸਥਾਵਾਂ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਚਲਾਈਆਂ ਜਾਣਗੀਆਂ ਜਿਨ੍ਹਾਂ ਨੂੰ ਆਪਣੇ ਇਲਾਕਿਆਂ ਵਿਚ ਇਸੇ ਤਰ੍ਹਾਂ ਦੀਆਂ ਮੁਹਿੰਮਾਂ ਚਲਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ। ਸੂਬੇ ਦੇ ਸਾਰੇ ਵਿਭਾਗ ਇਕੱਠੇ ਹੋ ਕੇ ਸੂਬੇ ਵਿੱਚ ਸਕਾਰਾਤਮਕ ਮਾਹੌਲ ਸਿਰਜਣ ਲਈ ਇਕਜੁੱਟ ਹੋ ਕੇ ਕੰਮ ਕਰਨਗੇ ਤਾਂ ਜੋ ਲੋਕਾਂ ਨੂੰ ਅੱਗੇ ਵਧਣ ਅਤੇ ਮਿਸ਼ਨ ਫਤਿਹ ਨੂੰ ਸਫਲ ਬਣਾਉਣ ਵਿੱਚ ਮਦਦ ਕੀਤੀ ਜਾ ਸਕੇ। ਧਿਆਨ ਕੇਂਦਰਿਤ ਕਰਨ ਵਾਲੇ ਹੋਰ ਖੇਤਰਾਂ ਵਿੱਚ ਘਰੇਲੂ ਇਕਾਂਤਵਾਸ ਦੀ ਮਹੱਤਤਾ, ਫਲੂ ਦੇ ਲੱਛਣਾਂ ਅਤੇ ਉਸ ਤੋਂ ਬਾਅਦ ਦੀਆਂ ਕਿਰਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ, ਲੌਕਡਾਉਨ 5.0 ਦੌਰਾਨ ਪਾਬੰਦੀਆਂ ਅਤੇ ਉਲੰਘਣਾ ਦੇ ਮਾਮਲੇ ਵਿੱਚ ਜ਼ੁਰਮਾਨੇ, ਮਹਾਮਾਰੀ ਵਿਰੁੱਧ ਮਿਲ ਕੇ ਲੜਨ ਲਈ ਸਮਾਜ ਦੀ ਲਾਮਬੰਦੀ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸ਼ਾਮਲ ਹੈ।

ਮੁਹਿੰਮ ਨੂੰ ਪ੍ਰਭਾਵਸ਼ਾਲੀ ਅਤੇ ਨਤੀਜਾ ਮੁਖੀ ਢੰਗ ਨਾਲ ਲਾਗੂ ਕਰਨ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਮਾਸਕ ਪਾਉਣ, ਹੱਥ ਧੋਣ, ਸਮਾਜਕ ਦੂਰੀ ਬਣਾ ਕੇ ਰੱਖਣ, ਬਜ਼ੁਰਗਾਂ ਦੀ ਦੇਖਭਾਲ, ਇਲਾਕੇ ਵਿਚ ਬਾਹਰੀ ਲੋਕਾਂ ਦੇ ਦਾਖ਼ਲੇ ਪ੍ਰਤੀ ਜਾਗਰੂਕ ਰਹਿਣ, ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਲਈ ਕੋਵਾ ਐਪ ਦੀ ਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਗਤੀਵਿਧੀਆਂ ਦਾ ਇਕ ਵਿਆਪਕ ਰੋਡ-ਮੈਪ ਤਿਆਰ ਕੀਤਾ ਹੈ। ਜ਼ਿਲਾ ਪ੍ਰਸ਼ਾਸਨ ਇਸ ਅਭਿਆਸ ਵਿੱਚ ਸਰਕਾਰ ਅਤੇ ਲੋਕਾਂ ਵਿਚਾਲੇ ਇਕ ਕੜੀ ਵਜੋਂ ਅਹਿਮ ਭੂਮਿਕਾ ਅਦਾ ਕਰੇਗਾ। ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਜਾਗਰੁਕ ਅਤੇ ਸੁਰੱਖਿਅਤ ਰਹਿਣ ਲਈ ਪ੍ਰੇਰਿਤ ਕਰੇਗਾ। ਵਾਇਰਸ ਦੇ ਖਤਰੇ ਨੂੰ ਪਛਾਣਨ ‘ਤੇ ਜ਼ੋਰ ਦਿੱਤਾ ਜਾਵੇਗਾ ਜਿਸ ਨਾਲ ਲੋਕਾਂ ਨੂੰ ਗੰਭੀਰ ਖਤਰੇ ਹੁੰਦੇ ਆ ਰਹੇ ਹਨ। ਲੋਕਾਂ ਨੂੰ ਉਦਾਹਰਨ ਦੇ ਕੇ ਅਗਵਾਈ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ ਅਤੇ ਦੂਜਿਆਂ ਨੂੰ ਸਾਵਧਾਨੀਆਂ ਬਾਰੇ ਤੇ ਉਨ੍ਹਾਂ ਦੇ ਧਿਆਨ ਵਿੱਚ ਆਉਣ ਵਾਲੀਆਂ ਉਲੰਘਣਾਵਾਂ ਦੀ ਰਿਪੋਰਟ ਕਰਨ ਬਾਰੇ ਸਲਾਹ ਦਿੱਤੀ।

Leave a Reply

Your email address will not be published. Required fields are marked *