ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬੀਤੇ ਕੁਝ ਦਿਨਾਂ ਤੋਂ ਭਿਆਨਕ ਗਰਮੀ ਪੈ ਰਹੀ ਹੈ ਅਤੇ ਕੁਝ ਥਾਵਾਂ ‘ਤੇ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ ਗਿਆ ਹੈ। ਉੱਤਰੀ ਭਾਰਤ ਦੇ ਲੋਕਾਂ ਨੂੰ ਪ੍ਰਚੰਡ ਗਰਮੀ ਤੋਂ 28 ਮਈ ਤੋਂ ਬਾਅਦ ਥੋੜ੍ਹੀ ਰਾਹਤ ਮਿਲ ਸਕਦੀ ਹੈ। 29 ਤੇ 30 ਮਈ ਨੂੰ ਇਸ ਖੇਤਰ ਵਿੱਚ ਧੂੜ ਭਰੀ ਹਨੇਰੀ ਦੇ ਨਾਲ ਹੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਇਹ ਜਾਣਕਾਰੀ ਦਿੱਤੀ। ਆਈਐਮਡੀ ਨੇ ਆਪਣੇ ਕਿਹਾ ਕਿ ਹਰਿਆਣਾ, ਪੰਜਾਬ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ‘ਚ 25-27 ਮਈ ਦੌਰਾਨ ਗਰਮ ਹਵਾਵਾਂ ਚੱਲਣਗੀਆਂ ਅਤੇ ਕਿਤੇ-ਕਿਤੇ ਕਹਿਰ ਦੀ ਗਰਮੀ ਪੈਣ ਦੀ ਵੀ ਸੰਭਾਵਨਾ ਹੈ।
ਪੰਜਾਬ, ਉਡੀਸ਼ਾ ਦੇ ਅੰਦਰੂਨੀ ਖੇਤਰਾਂ, ਗੁਜਰਾਤ, ਮੱਧ ਮਹਾਰਾਸ਼ਟਰ, ਮਰਾਠਵਾੜਾ, ਆਂਧਰ ਪ੍ਰਦੇਸ਼ ਦੇ ਅੰਦਰੂਨੀ ਖੇਤਰਾਂ, ਤੇਲੰਗਾਨਾ, ਬਿਹਾਰ ਅਤੇ ਝਾਰਖੰਡ ਵਿਚ ਵੀ ਅਗਲੇ ਦੋ ਤੋਂ ਤਿੰਨ ਦਿਨਾਂ ਤਕ ਤਪਦੀ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ।ਆਈਐਮਡੀ ਨੇ ਬੀਤੇ ਐਤਵਾਰ ਨੂੰ ਉੱਤਰੀ ਭਾਰਤ ਲਈ ਰੈੱਡ ਅਲਰਟ ਜਾਰੀ ਕਰਦੇ ਹੋਏ ਕਿਹਾ ਸੀ ਕਿ 25-26 ਮਈ ਨੂੰ ਭਾਰੀ ਗਰਮੀ ਪੈ ਸਕਦੀ ਹੈ। ਆਈਐਮਡੀ ਦੇ ਖੇਤਰੀ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਕਾਰਨ 29-30 ਮਈ ਨੂੰ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਧੂੜ ਭਰੀਆਂ ਹਨੇਰੀਆਂ ਚੱਲਣ ਦੇ ਨਾਲ ਹੀ ਗਰਜ ਨਾਲ ਬਾਰਿਸ਼ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੱਛਮੀ ਗੜਬੜ ਅਤੇ ਤੇਜ਼ ਹਵਾਵਾਂ ਕਾਰਨ 29-30 ਮਈ ਨੂੰ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਧੂੜ ਭਰੀ ਹਨ੍ਹੇਰੀ ਚੱਲਣ ਅਤੇ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦਾ ਅਨੁਮਾਨ ਹੈ, ਇਸ ਨਾਲ ਤਪਦੀ ਗਰਮੀ ਤੋਂ ਰਾਹਤ ਮਿਲੇਗੀ।