ਕਿਸਾਨਾਂ ਵਲੋਂ ਵੱਖ ਵੱਖ ਜਗ੍ਹਾਵਾਂ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹਨਾਂ ਬਿਲਾਂ ਦੇ ਵਿਰੋਧ ਲਈ ਰਾਜਨੀਤਕ ਪਾਰਟੀਆਂ ਵੀ ਅਗੇ ਆ ਰਹੀਆਂ ਹਨ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਵਲੋਂ ਇੱਕ ਰੈਲੀ ਕੱਢੀ ਗਈ ਸੀ ਅਤੇ ਹੁਣ ਕਾਂਗਰਸ ਵਲੋਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਜਿਸ ਲਈ ਦਿਲੀ ਤੋਂ ਰਾਹੁਲ ਗਾਂਧੀ ਪੰਜਾਬ ਆਏ ਹੋਏ ਹਨ।ਅੱਜ ਮੋਗਾ ‘ਚ ਖੇਤੀਬਾੜੀ ਬਿੱਲਾਂ ਦੇ ਵਿਰੋਧ ‘ਚ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਰੈਕਟਰ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਬਾਅਦ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜਦੋਂ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਸਭ ਤੋਂ ਪਹਿਲਾਂ ਉਹ ਇਨ੍ਹਾਂ ਕਾਨੂੰਨਾਂ ਨੂੰ ਖ਼ਤਮ ਕਰਨਗੇ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਖੜਦੀ ਆਈ ਹੈ।ਇਸ ਨਾਜ਼ੁਕ ਘੜੀ ਵਿਚ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਖੇਤੀ ਬਿੱਲਾਂ ਬਾਰੇ ਬੋਲਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਇਹੋ ਜਿਹੇ ਕਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਖੁੱਲ ਕੇ ਚਰਚਾ ਕੀਤੀ ਜਾਂਦੀ ਹੈ। ਪਰ ਇਹ ਕਨੂੰਨ ਜਲਦਬਾਜ਼ੀ ਵਿੱਚ ਪਾਸ ਕਰਕੇ ਕਿਸਾਨ ਮਾਰੂ ਨੀਤੀ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ। ਜੇਕਰ ਇਹ ਕਨੂੰਨ ਕਿਸਾਨਾਂ ਅਤੇ ਆਮ ਜਨਤਾ ਦੇ ਹੱਕ ਵਿੱਚ ਹਨ ਤੇ ਫੇਰ ਸਾਰੇ ਕਿਸਾਨ ਇਸਦਾ ਜ਼ਬਰਦਸਤ ਵਿਰੋਧ ਕਿਉਂ ਕਰ ਰਹੇ ਹਨ। ਪ੍ਰਧਾਨ ਮੰਤਰੀ ਤੇ ਇਲਜ਼ਾਮ ਲਗਾਉਂਦਿਆਂ ਰਾਹੁਲ ਗਾਂਧੀ ਨੇ ਆਖਿਆ ਕਿ ਪਿਛਲੇ ਤਕਰੀਬਨ 6 ਸਾਲਾਂ ਤੋਂ ਨਰਿੰਦਰ ਮੋਦੀ ਝੂਠ ਤੇ ਝੂਠ ਬੋਲ ਰਹੇ ਨੇ।ਨੋਟਬੰਦੀ, ਜੀਐਸਟੀ ਅਤੇ ਕੋਵਿਡ ਤੋਂ ਬਾਅਦ ਉਦਯੋਗਪਤੀਆਂ ਦਾ ਟੈਕਸ ਮਾਫ ਕੀਤਾ ਗਿਆ ਪਰ ਕਿਸਾਨਾਂ ਦਾ ਕਰਜ਼ਾ ਨਹੀਂ। ਪੰਜਾਬ ਦੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਅਰਬਪਤੀਆਂ ਦੀ ਨਜ਼ਰ ਤੁਹਾਡੀ ਜ਼ਮੀਨ ਅਤੇ ਪੈਸੇ ਤੇ ਹੈ। ਅੰਬਾਨੀ ਅਤੇ ਅੰਡਾਨੀ ਜਿਹੇ ਅਰਬਪਤੀ ਹੀ ਇਸ ਦੇਸ਼ ਨੂੰ ਚਲਾ ਰਹੇ ਨੇ ਕੋਈ ਸਰਕਾਰ ਨਹੀਂ ਚਲਾ ਰਹੀ। ਸਰਕਾਰ ਬਸ ਕੱਠਪੁਤਲੀ ਦੀ ਤਰ੍ਹਾਂ ਅੱਗੇ ਨੱਚ ਰਹੀ ਹੈ।ਅਤੇ ਨਚਾਉਣ ਵਾਲਾ ਤੁਹਾਨੂੰ ਪਤਾ ਹੈ ਕੌਣ ਹੈ। ਇਸ ਪੰਜਾਬ ਫੇਰੀ ਦੌਰਾਨ ਰਾਹੁਲ ਗਾਂਧੀ ਖੇਤੀ ਬਚਾਓ ਯਾਤਰਾ ਦੇ ਤਹਿਤ ਸੂਬੇ ਦੇ ਵਿਚ ਕਈ ਥਾਵਾਂ ਦੇ ਉੱਤੇ ਕਿਸਾਨਾਂ ਦੇ ਨਾਲ ਮਿਲ ਕੇ ਮੀਟਿੰਗ ਕਰਨਗੇ। ਇਸ ਰੈਲੀ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰੀਸ਼ ਰਾਵਤ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਨੀਲ ਕੁਮਾਰ ਜਾਖੜ ਅਤੇ ਹੋਰ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਹਨ।