ਮਸ਼ਹੂਰ ਬੋਲੀਵੁਡ ਅਤੇ ਟੀ ਵੀ ਡਾਇਰੈਕਟਰ ਰਾਮ ਵਰਿਕਸ਼ਾ ਗੌਰ ਅੱਜ ਕੱਲ੍ਹ ਆਜ਼ਮਗੜ੍ਹ ‘ਚ ਰੇਹੜੀ ਲਗਾ ਕੇ ਸਬਜ਼ੀ ਵੇਚ ਰਿਹਾ ਹੈ। ਰਾਮ ਵਰਿਕਸ਼ਾ ਨੇ ਦੱਸਿਆ ਕਿ ਉਹ ਇਕ ਫਿਲਮ ਦੀ ਤਿਆਰੀ ਲਈ ਆਜ਼ਮਗੜ੍ਹ ਆਇਆ ਸੀ ਪ੍ਰੰਤੂ ਲਾਕਡਾਊਨ ਕਾਰਨ ਇੱਥੇ ਫਸ ਗਿਆ। ਸਾਡੇ ਲਈ ਵਾਪਸ ਜਾਣਾ ਮੁਸ਼ਕਲ ਸੀ। ਅਸੀਂ ਜਿਹੜੇ ਪ੍ਰਾਜੈਕਟ ‘ਤੇ ਕੰਮ ਕਰ ਰਹੇ ਸੀ ਉਸ ਨੂੰ ਪ੍ਰੋਡਿਊਸਰ ਨੇ ਰੋਕ ਕੇ ਕਿਹਾ ਕਿ ਇਸ ‘ਤੇ ਇਕ ਸਾਲ ਬਾਅਦ ਵੇਖਾਂਗੇ। ਵਿਹਲਾ ਹੋਣ ਕਰ ਕੇ ਮੈਂ ਆਪਣੇ ਪਿਤਾ ਦੇ ਕੰਮ ‘ਚ ਲੱਗ ਗਿਆ ਤੇ ਰੇਹੜੀ ‘ਤੇ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ। ਕਿਉਂਕਿ ਮੈਂ ਇਹ ਕੰਮ ਪਹਿਲੇ ਵੀ ਕੀਤਾ ਸੀ ਇਸ ਲਈ ਮੈਨੂੰ ਇਹ ਕੰਮ ਕਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਹੋਈ।ਮੁੰਬਈ ਦੇ ਆਪਣੇ ਸਫ਼ਰ ਦਾ ਜ਼ਿਕਰ ਕਰਦਿਆਂ ਰਾਮ ਵਰਿਕਸ਼ਾ ਨੇ ਕਿਹਾ ਕਿ ਉਹ 2002 ਵਿਚ ਆਪਣੇ ਇਕ ਮਿੱਤਰ ਸ਼ਾਹਨਵਾਜ਼ ਖ਼ਾਨ ਦੀ ਮਦਦ ਨਾਲ ਮੁੰਬਈ ਗਿਆ ਸੀ। ਮੈਂ ਪਹਿਲਾਂ ਲਾਈਟ ਡਿਪਾਰਟਮੈਂਟ ਵਿਚ ਕੰਮ ਕੀਤਾ ਤੇ ਫਿਰ ਡਾਇਰੈਕਸ਼ਨ ਦੇ ਕੰਮ ਵਿਚ ਆ ਗਿਆ। ਪਹਿਲੇ ਮੈਂ ਕਈ ਲੜੀਵਾਰ ਦਾ ਸਹਾਇਕ ਡਾਇਰੈਕਟਰ ਬਣਿਆ ਤੇ ਫਿਰ ਮੈਂ ਐਪੀਸੋਡ ਡਾਇਰੈਕਟਰ ਬਣ ਕੇ ‘ਬਾਲਿਕਾ ਵਧੂ’ ਦਾ ਡਾਇਰੈਕਟਰ ਬਣਿਆ।ਰਾਮ ਵਰਿਕਸ਼ਾ ਨੇ ਦੱਸਿਆ ਕਿ ਉਸ ਨੇ ਯਸ਼ਪਾਲ ਸ਼ਰਮਾ, ਮਿਲਿੰਦ ਗੁਨਾਜੀ, ਰਾਜਪਾਲ ਯਾਦਵ, ਰਣਦੀਪ ਹੁੱਡਾ ਤੇ ਸੁਨੀਲ ਸ਼ੈੱਟੀ ਦੀਆਂ ਫਿਲਮਾਂ ਵਿਚ ਵੀ ਸਹਾਇਕ ਡਾਇਰੈਕਟਰ ਵਜੋਂ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਉਹ ਹੁਣ ਭੋਜਪੁਰੀ ਫਿਲਮ ਤੇ ਹਿੰਦੀ ਫਿਲਮ ‘ਤੇ ਕੰਮ ਕਰ ਰਿਹਾ ਸੀ ਕਿ ਲਾਕਡਾਊਨ ਲੱਗ ਗਿਆ। ਰਾਮ ਵਰਿਕਸ਼ਾ ਨੇ ਦੱਸਿਆ ਕਿ ਉਸ ਦਾ ਮੁੰਬਈ ਵਿਚ ਆਪਣਾ ਘਰ ਹੈ ਤੇ ਉਹ ਛੇਤੀ ਮੁੰਬਈ ਪਰਤੇਗਾ। ਜਦੋਂ ਤਕ ਮੁੰਬਈ ਨਹੀਂ ਜਾਂਦਾ, ਮੈਂ ਆਪਣੇ ਪਿਤਾ ਵਾਲਾ ਕੰਮ ਕਰ ਰਿਹਾ ਹਾਂ।