ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਹਾਲ ਸਾਨੂੰ ਸਾਰਿਆਂ ਨੂੰ ਪਤਾ ਹੈ ਜਿੱਥੇ ਆਏ ਦਿਨ ਕੋਈ ਨਾ ਕੋਈ ਲਾਪਰਵਾਹੀ ਵਾਲੀ ਖ਼ਬਰ ਮਿਲਦੀ ਹੀ ਰਹਿੰਦੀ ਹੈ। ਆਪਣੇ ਕੰਮ ਨੂੰ ਇਮਾਨਦਾਰੀ ਨਾਲ ਨਾ ਕਰਨ ਨਾਲ ਕਿਸੇ ਦੂਸਰੇ ਇਨਸਾਨ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਅਜਿਹਾ ਹੀ ਕੁਝ ਹੋਇਆ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ। ਇਹ ਹਸਪਤਾਲ ਪਹਿਲਾਂ ਤੋਂ ਹੀ ਵਿਵਾਦਾਂ ਦੇ ਵਿਚ ਘਿਰਿਆ ਰਹਿੰਦਾ ਸੀ।ਪਰ ਇਕ ਹੋਰ ਵਿਵਾਦ ਇਸ ਲਿਸਟ ਵਿਚ ਸ਼ਾਮਲ ਹੋ ਗਿਆ ਹੈ। ਇੱਥੇ ਬਣੇ ਬਲੱਡ ਬੈਂਕ ਦਾ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਜਿੱਥੇ ਇੱਕ ਸੱਤ-ਅੱਠ ਸਾਲ ਦੇ ਮਾਸੂਮ ਬੱਚੇ ਨੂੰ ਐਚ.ਆਈ.ਵੀ. ਪਾਜ਼ਿਟਿਵ ਮਰੀਜ਼ ਦਾ ਖ਼ੂਨ ਚੜ੍ਹਾ ਦਿੱਤਾ ਗਿਆ। ਡਾਕਟਰ ਅਮਰੀਕ ਸਿੰਘ ਜੋ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਸਿਵਲ ਸਰਜਨ ਵਜੋਂ ਆਪਣੀ ਸੇਵਾ ਨਿਭਾਅ ਰਹੇ ਨੇ ਦੱਸਿਆ ਕਿ ਉਨ੍ਹਾਂ ਕੋਲ ਅੱਜ ਤੋਂ ਦੋ ਦਿਨ ਪਹਿਲਾਂ ਇਸਦੀ ਸ਼ਿਕਾਇਤ ਆਈ ਸੀ। ਜਦੋਂ ਇੱਥੇ ਬਲੱਡ ਬੈਂਕ ਵਿੱਚ ਇੱਕ ਆਦਮੀ ਆਪਣਾ ਖੂਨਦਾਨ ਕਰਨ ਆਇਆ ਤਾਂ ਉਸ ਵੱਲੋਂ ਦਾਨ ਕੀਤੇ ਗਏ ਖ਼ੂਨ ਨੂੰ ਇਕ 7-8 ਸਾਲ ਦੇ ਮਾਸੂਮ ਬੱਚੇ ਨੂੰ ਚੜ੍ਹਾਅ ਦਿੱਤਾ ਗਿਆ।ਬਾਅਦ ਵਿੱਚ ਪਤਾ ਲੱਗਾ ਕਿ ਉਹ ਖ਼ੂਨਦਾਨ ਕਰਨ ਵਾਲਾ ਵਿਅਕਤੀ ਐਚ.ਆਈ.ਵੀ. ਪਾਜ਼ਿਟਿਵ ਸੀ ਜਿਸ ਉਪਰੰਤ ਪੂਰੇ ਸਟਾਫ ਵਿੱਚ ਹੜਬੜੀ ਮਚ ਗਈ। ਮੌਜੂਦਾ ਸਥਿਤੀ ਦੇ ਵਿੱਚ ਸਿਵਲ ਸਰਜਨ ਨੇ ਤਿੰਨ ਡਾਕਟਰਾਂ ਦਾ ਪੈਨਲ ਬਣਾ ਕੇ ਇਸ ਘਟਨਾ ਦੀ ਰਿਪੋਰਟ ਜਲਦ ਤੋਂ ਜਲਦ ਤਿਆਰ ਕਰਨ ਦਾ ਹੁਕਮ ਦਿੱਤਾ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਸਵਾਲ ਕਰਦਿਆਂ ਕਿਹਾ ਕਿਅਸੀਂ ਆਪਣੀ ਸੁਸਾਇਟੀ ਵੱਲੋਂ ਆਰੋਪੀ ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕਰਵਾ ਕੇ ਸੰਬੰਧਿਤ ਮੁਲਜ਼ਮਾਂ ਨੂੰ ਬਣਦੀ ਹੋਈ ਸਜ਼ਾ ਜ਼ਰੂਰ ਦਿਲਾਵਾਂਗੇ। ਜਿਨ੍ਹਾਂ ਦੀ ਲਾਪਰਵਾਹੀ ਦੇ ਕਾਰਨ ਇਕ ਮਾਸੂਮ ਬੱਚੇ ਦੀ ਪੂਰੀ ਜ਼ਿੰਦਗੀ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਅਜਿਹਾ ਪਹਿਲਾਂ ਕੇਸ ਨਹੀ ਹੈ ਤੇ ਇਸ ਬਲੱਡ ਬੈਂਕ ਦੀ ਅਣਗਿਹਲੀ ਦੇ ਕਈ ਕਾਰਨਾਮੇ ਪਹਿਲਾਂ ਵੀ ਸੁਰਖ਼ੀਆਂ ਵਿੱਚ ਰਹੇ ਚੁੱਕੇ ਨੇ।