ਆਖਿਰਕਾਰ ਦੱਖਣੀ-ਪੱਛਮੀ ਮਾਨਸੂਨ ਪੰਜਾਬ ਚੋਂ ਵਿਦਾ ਹੋਣ ਲਈ ਤਿਆਰ ਹੈ। ਸੋਮਵਾਰ ਤੋਂ ਪੱਛਮੀ ਰਾਜਸਥਾਨ ‘ਤੇ “ਵੱਧ ਦਬਾਅ” ਭਾਵ ਐਂਟੀ ਸਾਈਕਲੋਨਿਕ(ਘੜੀ ਦੀ ਦਿਸ਼ਾ ਚ ਘੁੰਮਦੀਆਂ ਹਵਾਵਾਂ) ਦੇ ਸੈੱਟ ਹੋਣ ਨਾਲ ਪੰਜਾਬ ਚ ਖੁਸ਼ਕ ਉੱਤਰ-ਪੱਛਮੀ ਹਵਾਵਾਂ ਦਾ ਪ੍ਰਵਾਹ ਸ਼ੁਰੂ ਹੋ ਜਾਵੇਗਾ। ਜਿਸ ਸਦਕਾ ਰਾਤਾਂ ਦੀ ਠੰਢਕ ਤਾਂ ਵਧੇਗੀ ਹੀ, ਨਾਲ ਹੁੰਮਸ ਤੋਂ ਵੀ ਮੁਕੰਮਲ ਰਾਹਤ ਮਿਲੇਗੀ, ਹਾਲਾਂਕਿ ਦਿਨ ਦਾ ਪਾਰਾ ਵਧਣ ਨਾਲ ਖੁਸ਼ਕ ਤਪਸ਼ ਮਹਿਸੂਸ ਹੁੰਦੀ ਰਹੇਗੀ। 2 ਅਕਤੂਬਰ ਤੱਕ ਪੰਜਾਬ ਸਣੇ ਹਰਿਆਣਾ, ਦਿੱਲੀ ਤੇ ਪੱਛਮੀ ਰਾਜਸਥਾਨ ਚੋਂ ਮਾਨਸੂਨ ਦੇ ਉਤਰਨ ਦੀ ਉਮੀਦ ਹੈ। ਜਿਕਰਯੋਗ ਹੈ ਕਿ 8-9 ਅਕਤੂਬਰ ਤੋਂ “ਵੈਸਟਰਨ ਡਿਸਟਰਬੇਂਸ” ਪਹਾੜੀ ਸੂਬਿਆਂ ਚ ਪੁੱਜ ਕੇ ਪੰਜਾਬ ਚ ਵੀ ਬਰਸਾਤੀ ਗਤੀਵਿਧੀਆਂ ਨੂੰ ਅੰਜਾਮ ਦੇ ਸਕਦਾ ਹੈ।ਦੱਖਣ ਪੱਛਮੀ ਮੌਨਸੂਨ ਉੱਤਰ ਭਾਰਤ ਤੋਂ ਹੁਣ ਵਿਦਾ ਲੈਣ ਵਾਲਾ ਹੈ। ਅਗਲੇ ਦੋ ਦਿਨਾਂ ਵਿਚ ਮੌਨਸੂਨ ਦੀ ਵਾਪਸੀ ਦੇ ਮਾਕੂਲ ਹਾਲਾਤ ਬਣ ਰਹੇ ਹਨ।ਉਂਜ ਇਸ ਸਾਲ ਮੌਨਸੂਨ ਨੇ ਉੱਤਰ ਭਾਰਤ ਸਮੇਤ ਦੇਸ਼ ਦੇ ਕਿਸੇ ਵੀ ਹਿੱਸੇ ਨੂੰ ਨਿਰਾਸ਼ ਨਹੀਂ ਕੀਤਾ। ਅੰਕੜਿਆਂ ਮੁਤਾਬਕ 26 ਸਤੰਬਰ ਤਕ ਪੂਰੇ ਦੇਸ਼ ਵਿਚ ਔਸਤ ਬਾਰਿਸ਼ ਆਮ ਨਾਲੋਂ ਨੌਂ ਫ਼ੀਸਦੀ ਜ਼ਿਆਦਾ ਹੋਈ ਹੈ।ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਐਤਵਾਰ ਨੂੰ ਕਿਹਾ ਕਿ ਰਾਜਸਥਾਨ ਤੇ ਆਸਪਾਸ ਦੇ ਇਲਾਕਿਆਂ ਤੋਂ 28 ਸਤੰਬਰ ਤੋਂ ਮੌਨਸੂਨ ਦੀ ਵਾਪਸੀ ਦੇ ਮਾਕੂਲ ਹਾਲਾਤ ਬਣ ਰਹੇ ਹਨ। ਵਿਭਾਗ ਮੁਤਾਬਕ ਮੌਨਸੂਨ ਦੀ ਵਾਪਸੀ ‘ਚ ਦੇਸ਼ ਦੀ ਰਾਜਧਾਨੀ ਦਿੱਲੀ ਉਪਰ ਬੱਦਲ ਤਾਂ ਛਾਏ ਰਹਿਣਗੇ ਪਰ ਬਾਰਿਸ਼ ਦੀ ਉਮੀਦ ਘੱਟ ਹੈ। ਰਾਸ਼ਟਰੀ ਰਾਜਧਾਨੀ ਦਾ ਤਾਪਮਾਨ 23 ਤੋਂ 35 ਡਿਗਰੀ ਸੈਲਸੀਅਸ ਦਰਮਿਆਨ ਬਣਿਆ ਰਹੇਗਾ ਯਾਨੀ ਦਿੱਲੀ-ਐੱਨਸੀਆਰ ਵਿਚ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ। ਹਾਲਾਂ ਕਿ ਹਿਮਾਲੀਆ ਨਾਲ ਲੱਗਦੇ ਬਿਹਾਰ, ਬੰਗਾਲ ਦੇ ਇਲਾਕਿਆਂ ਦੇ ਨਾਲ ਹੀ ਪੂਰਬ-ਉੱਤਰ ਦੇ ਸੂਬਿਆਂ ਵਿਚ ਅਗਲੇ 24 ਘੰਟਿਆਂ ਅੰਦਰ ਰੱਜ ਕੇ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਉਧਰ ਮੌਸਮ ਦਾ ਅਗਾਊਂ ਹਾਲ ਦੱਸਣ ਵਾਲੀ ਨਿੱਜੀ ਖੇਤਰ ਦੀ ਏਜੰਸੀ ਸਕਾਈਮੈਟ ਦੇ ਉਪ ਪ੍ਰਧਾਨ ਮਹੇਸ਼ ਪਲਾਵਟ ਨੇ ਕਿਹਾ ਕਿ ਬਾਰਿਸ਼ ਬਹੁਤ ਘੱਟ ਹੋ ਗਈ ਹੈ। ਸੋਮਵਾਰ ਨੂੰ ਪੱਛਮੀ ਰਾਜਸਥਾਨ ਤੋਂ ਮੌਨਸੂਨ ਦੀ ਵਾਪਸੀ ਸ਼ੁਰੂ ਹੋ ਜਾਵੇਗੀ। ਮੌਨਸੂਨ ਦੀ ਵਾਪਸੀ ਆਮ ਨਾਲੋਂ ਜ਼ਿਆਦਾ ਬਰਸਾਤ ਨਾਲ ਹੋ ਰਹੀ ਹੈ।ਦੱਸਣਾ ਬਣਦਾ ਹੈ ਕਿ ਲੰਬੇ ਸਮੇਂ ਦੀ ਔਸਤ (ਐੱਲਪੀਏ) ਦੇ 96 ਵਿਚੋਂ 104 ਫ਼ੀਸਦੀ ਦਰਮਿਆਨ ਬਾਰਿਸ਼ ਨੂੰ ਸਧਾਰਨ ਮੰਨਿਆ ਜਾਂਦਾ ਹੈ। ਐੱਲਪੀਏ ਦੇ 104 ਤੋਂ 110 ਫ਼ੀਸਦੀ ਦਰਮਿਆਨ ਦੀ ਬਰਸਾਤ ਨੂੰ ਜ਼ਿਆਦਾ ਕਿਹਾ ਜਾਂਦਾ ਹੈ। ਐੱਲਪੀਏ 1960 ਤੋਂ 2010 ਦਰਮਿਆਨ ਯਾਨੀ 50 ਸਾਲ ਦੌਰਾਨ ਹੋਈ ਬਰਸਾਤ ਦਾ ਔਸਤ ਹੈ ਜੋ 88 ਸੈਂਟੀਮੀਟਰ ਹੈ।ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਨੌਂ ਸੂਬਿਆਂ ਵਿਚ ਆਮ ਨਾਲੋਂ ਜ਼ਿਆਦਾ ਤੇ 20 ਸੂਬਿਆਂ ਵਿਚ ਸਧਾਰਨ ਬਾਰਿਸ਼ ਹੋਈ ਹੈ। ਭਾਰਤ ਵਿਚ ਅਧਿਕਾਰਤ ਤੌਰ ‘ਤੇ ਬਾਰਿਸ਼ ਦਾ ਮੌਸਮ ਪਹਿਲੀ ਜੂਨ ਤੋਂ 30 ਸਤੰਬਰ ਤਕ ਹੈ। ਇਸ ਸਾਲ ਠੀਕ ਸਮੇਂ ਸਿਰ ਪਹਿਲੀ ਜੂਨ ਨੂੰ ਮੌਨਸੂਨ ਕੇਰਲ ਪੁੱਜ ਗਿਆ ਸੀ।ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਮੇਘਾਲਿਆ ਸਮੇਤ ਪੂਰਬ ਉੱਤਰ ਦੇ ਕੁਝ ਸੂਬਿਆਂ ਤੇ ਬਿਹਾਰ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਵਿਭਾਗ ਮੁਤਾਬਕ ਬਿਹਾਰ ਦੇ ਨਾਲ ਹੀ ਬੰਗਾਲ ਤੇ ਅਰੁਣਾਚਲ ਪ੍ਰਦੇਸ਼ ਦੇ ਹਿਮਾਲੀਆਈ ਖੇਤਰਾਂ ਵਿਚ ਵੀ ਬਾਰਿਸ਼ ਹੋ ਸਕਦੀ ਹੈ। ਅਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਤੱਟਵਰਤੀ ਆਂਧਰ ਪ੍ਰਦੇਸ਼, ਤੇਲੰਗਾਨਾ, ਰਾਇਸੀਮਾ ਤੇ ਤਾਮਿਲਨਾਡੂ, ਪੁਡੂਚੇਰੀ ਤੇ ਕਰਾਈਕਲ ਵਿਚ ਗਰਜ ਚਮਕ ਨਾਲ ਬਰਸਾਤ ਹੋ ਸਕਦੀ ਹੈ।