ਇਹ ਰਾਤੀ 12 ਵਜੇ ਤੋਂ ਸ਼ੁਰੂ ਹੋ ਗਿਆ ਹੈ। ਅਤੇ ਇਸ ਸੜਕ ਤੇ ਲੰਘਣ ਵਾਲੇ ਲੋਕਾਂ ਨੂੰ ਹੁਣ ਟੋਲ ਟੈਕਸ ਦੇ ਪੈਸੇ ਦੇ ਕੇ ਲੰਘਣਾ ਪੈ ਰਿਹਾ ਹੈ।ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਪਿੰਡ ਚੌਂਕੀਮਾਨ ਵਿਖੇ ਬਣਿਆ ਟੋਲ ਪਲਾਜ਼ਾ ਅੱਜ ਰਾਤ ਤੋਂ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਲੁਧਿਆਣਾ-ਫਿਰੋਜ਼ਪੁਰ ਆਉਣ-ਜਾਣ ਵਾਲਿਆਂ ਲਈ ਇਹ ਸਫਰ ਹੋਰ ਮਹਿੰਗਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਨੂੰ ਚਹੁੰ ਮਾਰਗੀ ਕਰਨ ਦੇ ਨਾਲ ਹੀ ਇਸ ‘ਤੇ ਟੋਲ ਪਲਾਜ਼ਾ ਲਾਉਣ ਦੀ ਵਿਉਂਤਬੰਦੀ ਹੋਈ ਸੀ ਪਰ ਇਸ ਦਾ ਨਿਰਮਾਣ ਲਗਾਤਾਰ ਲਟਕਣਾ ਅਤੇ ਕਈ ਖਾਮੀਆਂ ਦੇ ਚੱਲਦਿਆਂ ਇਸ ‘ਤੇ ਟੋਲ ਪਲਾਜ਼ਾ ਸ਼ੁਰੂ ਨਾ ਹੋ ਸਕਿਆ।ਹੁਣ ਆਖਿਰਕਾਰ ਨਿਰਮਾਣ ਕੰਪਨੀ ਨੇ ਇਸ ਮਾਰਗ ਦਾ ਕਾਫੀ ਕੰਮ ਮੁਕੰਮਲ ਕਰ ਲੈਣ ਤੋਂ ਬਾਅਦ ਇਸ ‘ਤੇ ਟੋਲ ਪਲਾਜਾ ਸ਼ੁਰੂ ਕਰ ਲਿਆ। ਪਿਛਲੇ ਕੁਝ ਦਿਨ ਤੋਂ ਟੋਲ ਪਲਾਜਾ ‘ਤੇ ਟਰਾਇਲ ਚੱਲ ਰਿਹਾ ਸੀ। ਆਉਣ ਜਾਣ ਵਾਲੀਆਂ ਗੱਡੀਆਂ ਦੀ ਕੰਪਿਊਟਰ ‘ਤੇ ਐਂਟਰੀ ਪਾਈ ਜਾਂਦੀ ਸੀ ਪਰ ਪੈਸੇ ਨਹੀਂ ਲਏ ਜਾਂਦੇ ਸਨ। ਇਸ ਦੇ ਨਾਲ ਹੀ ਇਨ੍ਹਾਂ ਵਾਹਨਾਂ ਦੇ ਮਾਲਕਾਂ ਨੂੰ ਇਹ ਟੋਲ 28 ਸਤੰਬਰ ਦੀ ਰਾਤ 12 ਵਜੇ ਸ਼ੁਰੂ ਕਰਨ ਦੀ ਸੂਚਨਾ ਵੀ ਦਿੱਤੀ ਜਾਂਦੀ ਸੀ।ਇਸ ਦੇ ਚੱਲਦਿਆਂ ਸੋਮਵਾਰ ਨੂੰ ਟੋਲ ਪਲਾਜ਼ਾ ਨੂੰ ਚਲਾਉਣ ਸਬੰਧੀ ਦਿਨ ਭਰ ਰਹਿੰਦੀਆਂ ਕਮੀਆਂ ਨੂੰ ਮੁਕੰਮਲ ਕੀਤਾ ਗਿਆ। ਹਾਲਾਂਕਿ ਅਜੇ ਕਈ ਖਾਮੀਆਂ ਰਹਿੰਦੀਆਂ ਹਨ ਪਰ ਕੰਪਨੀ ਦੇ ਡੇਵਿਡ ਭਾਟੀਆ ਅਤੇ ਲਵਦਿਕਸ਼ਿਤ ਦਾ ਕਹਿਣਾ ਹੈ ਕਿ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਟੋਲ ਪਲਾਜਾ ਦੇ 20 ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੇ ਲੋਕਾਂ ਨੂੰ ਜਿਥੇ ਪਾਸ ਦੀ ਸਹੂਲਤ ਦਿੱਤੀ ਜਾਵੇਗੀ, ਉਥੇ ਆਮ ਵਾਹਨਾਂ ਦਾ ਇੱਕ ਪਾਸੜ ਸਿਰਫ 45 ਰੁਪਏ ਪਰਚੀ ਵਸੂਲੀ ਜਾਵੇਗੀ।