ਕਿਸਾਨ ਅੰਦੋਲਨ ਅੱਗੇ ਝੁਕਿਆ ਰਿਲਾਇੰਸ, ਹੱਥ ਜੋੜ ਕੇ ਕੀਤੀ ਇਹ ਅਪੀਲ

ਹੁਣ ਕਿਸਾਨਾਂ ਨੇ ਪਿਛਲੇ ਕੁਝ ਦਿਨਾਂ ਤੋਂ ਰਿਲਾਇੰਸ ਕੰਪਨੀ ਦਾ ਬਾਈਕਾਟ ਕਰਨ ਦਾ ਅਭਿਆਨ ਚਲਾਇਆ ਹੋਇਆ ਹੈ ਅਤੇ ਕਈ ਜਗ੍ਹਾ ਕਿਸਾਨਾਂ ਨੇ ਰਿਲਾਇੰਸ ਦੇ ਪੈਟਰੋਲ ਪੰਪਾਂ ਅੱਗੇ ਧਰਨੇ ਲਾ ਕੇ ਪੰਪ ਬੰਦ ਕਰ ਰੱਖੇ ਹਨ। ਪਰ ਇਸ ਸਬੰਧੀ ਪੰਜਾਬ ‘ਚ ਰਿਲਾਇੰਸ ਕੰਪਨੀ ਦੇ ਤੇਲ ਪੰਪ ਡੀਲਰਾਂ ਨੇ ਇਕ ਮੀਟਿੰਗ ਵਿੱਚ ਇਹ ਕਿਹਾ ਹੈ ਕਿ ਇਹ ਤੇਲ ਪੰਪ ਉਨ੍ਹਾਂ ਨੇ ਕਰਜ਼ੇ ਚੁੱਕ ਕੇ ਲਗਾਏ ਹਨ ਤੇ ਉਹ ਖੁਦ ਹੀ ਚਲਾ ਰਹੇ ਹਨ।ਉਹ ਰਿਲਾਇੰਸ ਕੰਪਨੀ ਤੋਂ ਸਿਰਫ਼ ਤੇਲ ਖਰੀਦਦੇ ਹਨ। ਡੀਲਰਾਂ ਦਾ ਕਹਿਣਾ ਹੈ ਕਿ ਰਿਲਾਇੰਸ ਕੰਪਨੀ ਨੇ ਪਹਿਲਾਂ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਪੰਪ ਲਗਾਉਣ ਲਈ ਪ੍ਰਵਾਨਗੀ ਦਿੱਤੀ ਸੀ। ਉਸ ਸਮੇਂ ਬਹੁਤੇ ਕਿਸਾਨਾਂ ਅਤੇ ਹੋਰ ਕਾਰੋਬਾਰੀਆਂ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਖਰੀਦ ਕੇ ਸਾਰਾ ਬੁਨਿਆਦੀ ਢਾਂਚਾ ਉਸਾਰਿਆ ਅਤੇ ਪੰਪ ਲਗਾਏ।ਪਰ ਕੰਪਨੀ ਦੇ ਸਰਕਾਰ ਨਾਲ ਝਗੜੇ ਦੇ ਕਾਰਨ ਇਹ ਪੰਪ 7 ਸਾਲ ਤੱਕ ਚਾਲੂ ਹੀ ਨਹੀਂ ਹੋਏ। ਜਿਸ ਕਰਕੇ ਡੀਲਰਸ਼ਿਪ ਲੈਣ ਵਾਲਿਆਂ ਨੂੰ ਭਾਰੀ ਨੁਕਸਾਨ ਹੋਇਆ।ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਦਰਦ ਦਾ ਪਤਾ ਹੈ ਕਿਉਂਕਿ ਜਿਆਦਾਤਰ ਬਹੁਤ ਤੇਲ ਪੰਪਾਂ ਵਾਲੇ ਖੇਤੀ ਪਿਛੋਕੜ ਵਾਲੇ ਹੀ ਹਨ। ਉਨ੍ਹਾਂ ਦੱਸਿਆ ਕਿ ਸਾਰੇ ਤੇਲ ਪੰਪ ਡੀਲਰਾਂ ਵੱਲੋਂ 25 ਸਤੰਬਰ ਦੇ ਬੰਦ ‘ਚ ਵੀ ਹਿੱਸਾ ਲਿਆ ਗਿਆ ਸੀ ਅਤੇ ਅਸੀਂ ਸਾਰੇ ਕਿਸਾਨ ਸੰਘਰਸ਼ ਦੇ ਹਿਮਾਇਤੀ ਹਾਂ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਹਾਂ। ਉਨ੍ਹਾਂ ਨੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਪਾਂ ਅੱਗੇ ਧਰਨੇ ਲਾ ਕੇ ਪਹਿਲੋਂ ਹੀ ਸੰਕਟ ‘ਚ ਫਸੇ ਡੀਲਰਾਂ ਦੀ ਬਰਬਾਦੀ ਦਾ ਰਾਹ ਨਾ ਖੋਲਣ।ਕਿਉਂਕਿ ਪੰਪ ਬੰਦ ਹੋਣ ਅਤੇ ਸਾਡੇ ਪੰਪਾਂ ਉੱਪਰ ਤੇਲ ਨਾ ਵਿਕਣ ਨਾਲ ਰਿਲਾਇੰਸ ਕੰਪਨੀ ਦਾ ਕੁੱਝ ਨਹੀਂ ਵਿਗੜਨਾ, ਪਰ ਡੀਲਰਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਕਿਉਂਕਿ ਸਾਰੇ ਡੀਲਰ ਵੱਡੀ ਪੂੰਜੀ ਲਗਾ ਕੇ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਮੁਕਾਬਲੇਬਾਜ਼ੀ ਵਾਲੇ ਕਾਰੋਬਾਰੀਆਂ ਵੱਲੋਂ ਆਪਣੇ ਫਾਇਦੇ ਲਈ ਵੀ ਇਨ੍ਹਾਂ ਮੁੱਦਿਆਂ ਨੂੰ ਹੋਰ ਉਛਾਲ ਕੇ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *