ਬੀਬਾ ਹਰਸਿਮਰਤ ਕੌਰ ਬਾਦਲ ਨੇ ਕੱਲ੍ਹ ਕਿਸਾਨਾਂ ਦੇ ਹੱਕ ਚ ਆ ਕੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਅਸਤੀਫਾ ਖੇਤੀ ਬਿੱਲਾਂ ਦੇ ਵਿਰੋਧ ਵਿਚ ਦਿੱਤਾ ਗਿਆ ਹੈ ਜਿਸ ਤੇ ਹੁਣ ਸਾਰੇ ਪੰਜਾਬ ਵਿਚ ਚਰਚਾ ਛਿੜੀ ਹੋਈ ਹੈ। ਵੱਖ ਵੱਖ ਰਾਜਨੀਤਿਕ ਸਿਆਸਤਦਾਨਾਂ ਵਲੋਂ ਇਸ ਮਸਲੇ ਤੇ ਆਪੋ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ। ਪਰ ਹਜੇ ਵੀ ਕਿਸਾਨਾਂ ਦਾ ਰੋਸ ਜਾਰੀ ਹੈ ਅਤੇ ਬਾਦਲ ਪਿੰਡ ਵਿਚ ਕਿਸਾਨਾਂ ਦਾ ਧਰਨਾ ਜਾਰੀ ਹੈ।ਉਧਰ, ਕੇਂਦਰੀ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਬਾਦਲ ਦੇ ਘਰ ਬਾਹਰ ਸੁੰਨ ਪੱਸਰੀ ਹੋਈ ਹੈ। ਜਦਕਿ ਆਮ ਦਿਨਾਂ ‘ਚ ਪਿੰਡ ਬਾਦਲ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਬਾਹਰ ਹਰ ਵੇਲੇ ਰੌਣਕ ਰਹਿੰਦੀ ਹੈ। ਬੀਤੀ ਰਾਤ ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਵੀਂ ਦਿੱਲੀ ‘ਚ ਰੁਕੇ ਹੋਏ ਹਨ। ਉਨ੍ਹਾਂ ਦਾ ਫਿਲਹਾਲ ਮੁਕਤਸਰ ਜ਼ਿਲ੍ਹੇ ‘ਚ ਸਥਿਤ ਆਪਣੇ ਜੱਦੀ ਪਿੰਡ ਬਾਦਲ ‘ਚ ਆਉਣ ਦਾ ਕੋਈ ਪ੍ਰੋਗਰਾਮ ਨਹੀਂ।