ਭਾਜਪਾ ਦੇ ਇੱਕ ਸੀਨੀਅਰ ਆਗੂ ਦੇ ਬਿਆਨ ਦੇ ਉੱਤੇ ਅੱਜ ਭੁਚਾਲ ਵਰਗੇ ਹਾਲਾਤ ਪੈਦਾ ਹੋ ਗਏ ਹਨ। ਅਸਲ ਵਿਚ ਇਸ ਸਾਰੀ ਗੱਲਬਾਤ ਦਾ ਇਸ਼ਾਰਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹੈ।ਕੀ ਹੈ ਇਹ ਸਾਰੀ ਗੱਲਬਾਤ ਆਓ ਤੁਹਾਨੂੰ ਦੱਸਦੇ ਹਾਂ। ਨਵਜੋਤ ਸਿੰਘ ਸਿੱਧੂ ਕਾਫੀ ਸਮੇਂ ਤੋਂ ਆਪਣੀ ਪਾਰਟੀ ਕਾਂਗਰਸ ਤੋਂ ਨਾਖੁਸ਼ ਚਲਦੇ ਆ ਰਹੇ ਨੇ। ਜਿਸ ਦੇ ਚਲਦੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ।ਇਸੇ ਸੰਬੰਧ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਵੱਡਾ ਬਿਆਨ ਦਿੰਦੇ ਹੋਏ ਦੱਸਿਆ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਭਾਜਪਾ ਪਾਰਟੀ ਵੱਲੋਂ ਲੜਨਗੇ। ਉਨਾਂ ਕਿਹਾ ਕਿ ਸਿੱਧੂ ਦਾ ਜਨਮ ਭਾਜਪਾ ਪਾਰਟੀ ਵਿੱਚ ਹੋਇਆ ਹੈ ਅਤੇ ਸਿੱਧੂ ਦਾ ਚਮਕਦਾ ਹੋਇਆ ਭਵਿੱਖ ਵੀ ਭਾਜਪਾ ਪਾਰਟੀ ਵਿੱਚ ਹੀ ਹੈ।ਰਾਹੁਲ ਗਾਂਧੀ ਦੀ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਹੋਈ ਤਕਰਾਰ ਸੰਬੰਧੀ ਮਾਸਟਰ ਮੋਹਨ ਲਾਲ ਨੂੰ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪੂਰੇ ਵਿਸ਼ਵਾਸ ਨਾਲ ਆਖ ਰਹੇ ਹਨ ਕਿ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਵਿੱਚ ਨਵਜੋਤ ਸਿੰਘ ਸਿੱਧੂ ਸਿਰਫ ਭਾਜਪਾ ਪਾਰਟੀ ਦਾ ਹੀ ਹੱਥ ਫੜ੍ਹਨਗੇ।ਪੱਤਰਕਾਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਦੀ ਰੈਲੀ ਵਿੱਚ ਸ਼ਾਮਲ ਹੋਣ ਦੇ ਸੰਬੰਧ ਵਿੱਚ ਸਵਾਲ ਦਾ ਜਵਾਬ ਦਿੰਦਿਆਂ ਮੋਹਨ ਲਾਲ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਮੰਚ ‘ਤੇ ਬੈਠੇ ਤਾਂ ਜ਼ਰੂਰ ਸਨ ਪਰ ਉਹ ਕਿਨ੍ਹਾ ਹਲਾਤਾਂ ਵਿੱਚ ਬੈਠੇ ਸਨ ਅਤੇ ਉਹਨਾਂ ਨੇ ਆਪਣੇ ਭਾਸ਼ਨ ਵਿੱਚ ਕੀ ਕਿਹਾ ਸੀ ਇਹ ਦੇਖਣ ਵਾਲੀ ਗੱਲ ਹੈ। ਉਨਾ ਕਿਹਾ ਸਿੱਧੂ ਰੈਲੀ ਵਿਚ ਬਿਲਕੁਲ ਨਹੀਂ ਆਉਣਾ ਚਾਹੁੰਦੇ ਸੀ ਉਨ੍ਹਾਂ ਦੇ ਆਉਣ ਦਾ ਕਾਰਨ ਹਰੀਸ਼ ਰਾਵਤ ਹੈ ਜੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸਿੱਧੂ ਤੇ ਘਰ ਡੇਰਾ ਜਮਾ ਕੇ ਬੈਠਾ ਹੋਇਆ ਸੀ ਜਿਸ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਮਜ਼ਬੂਰਨ ਰੈਲੀ ਵਿੱਚ ਆਉਣਾ ਪਿਆ।