ਕੋਰੋਨਾ ਦਾ ਅਸਰ ਥੋੜਾ ਘਟਣ ‘ਤੇ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਸੀ ਜਿਸ ਦੌਰਾਨ ਦੁਕਾਨਾਂ ਦੇ ਨਾਲ ਧਾਰਮਿਕ ਅਸਥਾਨ ਵੀ ਆਮ ਜਨਤਾ ਦੇ ਨਤਮਸਤਕ ਹੋਣ ਲਈ ਖੋਲ ਦਿੱਤੇ ਗਏ ਸਨ। ਜਿਨ੍ਹਾਂ ਵਿੱਚੋਂ ਕੁੱਝ ਧਾਰਮਿਕ ਸਥਾਨ ਅਜਿਹੇ ਹੁੰਦੇ ਹਨ ਜੋ ਸਾਲ ਵਿਚ ਕੁੱਝ ਸਮੇਂ ਲਈ ਹੀ ਖੋਲ੍ਹੇ ਜਾਂਦੇ ਹਨ ਅਤੇ ਬੰਦ ਕਰ ਦਿੱਤੇ ਜਾਂਦੇ ਹਨ।ਇਸ ਵੇਲੇ ਸ੍ਰੀ ਹੇਮਕੁੰਟ ਸਾਹਿਬ ਤੋਂ ਵੱਡੀ ਖ਼ਬਰ ਆ ਰਹੀ ਹੈ ਜਿੱਥੇ ਠੰਡ ਦੇ ਕਾਰਨ ਇੱਥੋਂ ਦੇ ਦਵਾਰ ਬੰਦ ਕਰ ਦਿੱਤੇ ਗਏ ਹਨ। ਅੱਜ ਕੀਤੀ ਗਈ ਅੰਤਿਮ ਅਰਦਾਸ ਵਿੱਚ 1350 ਸਿੱਖ ਸ਼ਰਧਾਲੂਆਂ ਨੇ ਹਿੱਸਾ ਲਿਆ। ਪਵਿੱਤਰ ਅਸਥਾਨ ਚਿੰਨ੍ਹ ਮੰਦਰ ਲੋਕਪਾਲ ਦੇ ਦਰਵਾਜ਼ੇ ਵੀ ਇਸਦੇ ਨਾਲ ਹੀ ਬੰਦ ਕਰ ਦਿੱਤੇ ਜਾਂਦੇ ਹਨ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਹਰ ਸਾਲ ਮਈ ਮਹੀਨੇ ਦੇ ਵਿਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਸੰਗਤਾਂ ਦੇ ਦਰਸ਼ਨ ਵਾਸਤੇ ਹੋ ਜਾਂਦੇ ਹਨ।ਪਰ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਇਹ ਦਰਵਾਜ਼ੇ 4 ਸਤੰਬਰ ਨੂੰ ਖੋਲ੍ਹੇ ਗਏ ਸਨ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿਚ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਸਿੱਖਾਂ ਦਾ ਤੀਸਰਾ ਸਭ ਤੋਂ ਪ੍ਰਸਿੱਧ ਧਾਰਮਿਕ ਅਸਥਾਨ ਹੈ। ਜਿਸ ਦੀ ਸਮੁੰਦਰ ਤਲ ਤੋਂ ਉੱਚਾਈ 15225 ਫੁੱਟ ਹੈ। ਸਰਦੀਆਂ ਦੇ ਮੌਸਮ ਲਈ ਦਵਾਰ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ਨੀਵਾਰ ਸਵੇਰ ਤੋਂ ਹੀ ਸ਼ੁਰੂ ਹੋ ਗਈ ਸੀ ਜਿਸ ਦੀ ਸ਼ੁਰੂਆਤ ਸਵੇਰੇ ਸਾਢੇ ਨੌਂ ਵਜੇ ਪਹਿਲੀ ਅਰਦਾਸ ਨਾਲ ਹੋਈ।ਜਿਸ ਉਪਰੰਤ 10 ਵਜੇ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਅਤੇ 11 ਵਜੇ ਇਲਾਹੀ ਸ਼ਬਦ ਕੀਰਤਨ ਕੀਤਾ ਗਿਆ। ਇਸ ਤੋਂ ਮਗਰੋਂ ਸਾਢੇ 12 ਵਜੇ ਅੰਤਿਮ ਅਰਦਾਸ ਕੀਤੀ ਗਈ। ਫਿਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚਖੰਡ ਵਿਚ ਬਿਰਾਜਮਾਨ ਕੀਤਾ ਗਿਆ ਅਤੇ ਦੁਪਹਿਰ 1.30 ਵਜੇ ਦਵਾਰ ਨੂੰ ਸਰਦੀਆਂ ਲਈ ਮੁਕੰਮਲ ਤੌਰ ਉੱਤੇ ਬੰਦ ਕਰ ਦਿੱਤਾ ਗਿਆ। ਮਹਿਜ਼ 36 ਦਿਨਾਂ ਦੇ ਲਈ ਖੋਲੇ ਗਏ ਗੁਰੂ ਘਰ ਦੇ ਇਸ ਦੁਆਰ ਵਿੱਚ 8500 ਸ਼ਰਧਾਲੂ ਨਤਮਸਤਕ ਹੋਏ ਜਦ ਕਿ ਸ਼ਰਧਾਲੂਆਂ ਦੀ ਪਿਛਲੇ ਸਾਲ ਇਹ ਗਿਣਤੀ 2.39 ਲੱਖ ਸੀ।