ਸਿਆਸੀ ਪਾਰਟੀਆਂ ਨੇ 23 ਅਤੇ 24 ਸਤੰਬਰ ਨੂੰ ਕਈ ਥਾਵਾਂ ‘ਤੇ ਕਿਸਾਨਾਂ ਦੇ ਹੱਕ ਵਿਚ ਰੈਲੀਆਂ ਕੀਤੀਆਂ ਪਰ ਇਨ੍ਹਾਂ ਵਿਚ ਕਿਸਾਨਾਂ ਪ੍ਰਤੀ ਚਿੰਤਾ ਘੱਟ ਅਤੇ ਇਕ ਦੂਜੇ ਨੂੰ ਨੀਵਾਂ ਡੇਗਣ ਦੀ ਚੇਸ਼ਟਾ ਜ਼ਿਆਦਾ ਨਜ਼ਰ ਆ ਰਹੀ ਸੀ। ਅਕਾਲੀ ਦਲ ਦਾ ਪ੍ਰਧਾਨ ਕੁਝ ਵੀ ਕਹਿ ਦੇਂਦਾ ਹੈ ਤਾਂ ਕਾਂਗਰਸ ਮਜ਼ਾਕ ਉਡਾਉਂਦੀ ਹੋਈ ਕਹਿਣ ਲੱਗ ਜਾਂਦੀ ਹੈ ਕਿ ਪਹਿਲਾਂ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਕੇ ਤਾਂ ਵਿਖਾਉ। ਅਕਾਲੀ ਦਲ ਵੀ ਖੇਤੀ ਕਾਨੂੰਨ ਬਾਰੇ ਘੱਟ ਅਤੇ ਕਾਂਗਰਸ ਬਾਰੇ ਜ਼ਿਆਦਾ ਬੋਲਦਾ ਹੈ। ਅਕਾਲੀ ਦਲ ਕਾਂਗਰਸ ਦੇ ਮੈਨੀਫ਼ੈਸਟੋ ਅਤੇ ਮੁੱਖ ਮੰਤਰੀ ਦੀਆਂ ਕੇਂਦਰੀ ਖੇਤੀ ਮੰਤਰੀ ਨਾਲ ਬੈਠਕਾਂ ਦੀ ਹੀ ਗੱਲ ਕਰਦਾ ਹੈ। ਦੋਵੇਂ ਪਾਰਟੀਆਂ ਇਹ ਕਹਿਣਾ ਚਾਹੁੰਦੀਆਂ ਹਨ ਕਿ ਅਸੀ ਤਾਂ ਮਾੜੇ ਹਾਂ ਪਰ ਸਾਹਮਣੇ ਵਾਲਾ ਵੀ ਸਾਡੇ ਤੋਂ ਚੰਗਾ ਨਹੀਂ ਜੇ।ਇਨ੍ਹਾਂ ਸਾਰਿਆਂ ਨੂੰ ਵੇਖ ਕੇ ਪੰਜਾਬ ਦੇ ਨੌਜਵਾਨ ਹੁਣ ਬਾਹਰ ਨਿਕਲ ਕੇ ਆ ਰਹੇ ਹਨ ਅਤੇ ਅੱਜ ਕਿਸਾਨਾਂ ਨਾਲ ਰਲ ਕੇ ਮੋਰਚੇ ਸੰਭਾਲਣ ਲੱਗ ਪਏ ਹਨ। ਇਸ ਮੋਰਚੇ ਵਿਚ ਨੌਜਵਾਨਾਂ, ਕ੍ਰਾਂਤੀਕਾਰੀਆਂ, ਕਲਾਕਾਰਾਂ, ਗੀਤਕਾਰਾਂ ਅਤੇ ਸੱਚੇ ਸੁੱਚੇ ਪੰਜਾਬੀਆਂ ਦੀ ਪੁਕਾਰ ਸੁਣਾਈ ਦੇਂਦੀ ਹੈ ਜਿਸ ਨੇ ਸੁੱਤੇ ਹੋਏ ਪੰਜਾਬੀਆਂ ਨੂੰ ਸੜਕਾਂ ‘ਤੇ ਆਉਣ ਲਈ ਮਜਬੂਰ ਕਰ ਦਿਤਾ ਹੈ। ਅੱਜ ਪੰਜਾਬ ਦਾ ਨੌਜਵਾਨ ਦਿੱਲੀ ਸਰਕਾਰ ਨੂੰ ਜੜ੍ਹਾਂ ਤੋਂ ਹਿਲਾਉਣ ਦਾ ਨਾਹਰਾ ਲੈ ਕੇ ਬਾਹਰ ਨਿਕਲਣ ਲਈ ਤਿਆਰ ਹੈ। ਤਿਆਰ ਵੀ ਕਿਉਂ ਨਾ ਹੋਵੇ, 10 ਲੱਖ ਨੌਜਵਾਨ ਕੋਵਿਡ-19 ਦੌਰਾਨ ਬੇਰੁਜ਼ਗਾਰ ਹੋਏ ਹਨ। ਪਹਿਲਾਂ ਹੀ ਬੇਰੁਜ਼ਗਾਰਾਂ ਨੂੰ ਪਕੌੜੇ ਵੇਚਣ ਲਈ ਆਖਿਆ ਜਾ ਰਿਹਾ ਸੀ।
ਹੋ ਜਾਓ ਸਾਵਧਾਨ-ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨ ਅੰਦੋਲਨ ਚੋਂ ਆਈ ਵੱਡੀ ਖ਼ਬਰ
