ਮੌਨਸੂਨ ਦੀ ਵਿਦਾਈ ਦਾ ਸਮਾਂ ਚੱਲ ਰਿਹਾ ਹੈ। ਕਿਤੇ-ਕਿਤੇ ਮੌਨਸੂਨ ਦੀ ਰਵਾਨਗੀ ਵਾਲੀ ਬਾਰਿਸ਼ ਜ਼ਰੂਰ ਹੋ ਰਹੀ ਹੈ, ਪਰ ਦੇਸ਼ ਦੇ ਵੱਖ-ਵੱਖ ਇਲਾਕਿਆਂ ‘ਚ ਸਤੰਬਰ ‘ਚ ਤਾਪਮਾਨ ਤੇਜ਼ੀ ਨਾਲ ਵਧ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਤੰਬਰ ‘ਚ ਅਪ੍ਰੈਲ-ਮਈ ਵਾਲੀ ਗਰਮੀ ਪੈ ਰਹੀ ਹੈ। ਮੌਸਮ ਮਾਹਿਰਾਂ ਨੇ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪੌਣ-ਪਾਣੀ ਪਰਿਵਰਤਨ ਦੇ ਨਾਲ ਹੀ ਇਕ ਹੋਰ ਕਾਰਨ ਸਾਹਮਣੇ ਆਇਆ। ਜਾਣਕਾਰਾਂ ਮੁਤਾਬਿਕ, ਹੁੰਮਸ ਭਰੀ ਇਸ ਗਰਮੀ ਦੇ ਪਿੱਛੇ ਬੱਦਲਾਂ ਦੀ ਬੇਰੁਖ਼ੀ ਹੈ ਯਾਨੀ ਬੱਦਲ ਨਾ ਬਣਨ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ।ਪੜ੍ਹੋ ਨਵੀਂ ਦਿੱਲੀ ਤੋਂ ਸੰਜੀਵ ਗੁਪਤਾ ਦਾ ਰਿਪੋਰਟ…ਆਮਤੌਰ ‘ਤੇ ਸਤੰਬਰ ਦੇ ਪਹਿਲੇ 7 ਦਿਨਾਂ ‘ਚ ਵੱਧ ਤੋਂ ਵੱਧ ਤਾਪਮਾਨ 34.3 ਡਿਗਰੀ ਰਹਿੰਦਾ ਹੈ ਪਰ ਇਸ ਵਾਰ ਦਿੱਲੀ ‘ਚ 36 ਡਿਗਰੀ ਤੋਂ ਵੀ ਜ਼ਿਆਦਾ ਤਾਪਮਾਨ ਦਰਜ ਹੋਇਆ ਹੈ। ਸ਼ੁੱਕਰਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਜ਼ਿਆਦਾ 38.0 ਡਿਗਰੀ ਦਰਜ ਕੀਤਾ ਗਿਆ। 18 ਸਤੰਬਰ ਦੀ ਤਾਰੀਕ ‘ਚ 2011 ਤੋਂ ਲੈ ਕੇ 2020 ਦਾ ਇਹ ਸਭ ਤੋਂ ਵੱਧ ਤਾਪਮਾਨ ਹੈ।ਇਸੇ ਤਰ੍ਹਾਂ 8 ਤੋਂ 17 ਸਤੰਬਰ ਦੌਰਾਨ ਵੱਧ ਤੋਂ ਵੱਧ ਤਾਪਮਾਨ 33.7 ਤੋਂ 33.8 ਡਿਗਰੀ ਹੋਣਾ ਚਾਹੀਦਾ ਹੈ, ਪਰ ਇਸ ਸਾਲ ਇਹ 37 ਡਿਗਰੀ ਤੋਂ ਵੀ ਉੱਪਰ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਮੁਤਾਬਿਕ, ਇਨ੍ਹਾਂ ਹਾਲਾਤ ਲਈ ਪੌਣ-ਪਾਣੀ ਪਰਿਵਰਤਨ ਤਾਂ ਜ਼ਿੰਮੇਵਾਰ ਹੈ ਹੀ, ਅਸਮਾਨ ਦਾ ਸਾਫ਼ ਹੋਣਾ ਵੀ ਇਕ ਵਜ੍ਹਾ ਹੈ। ਜ਼ਿਆਦਾ ਬੱਦਲ ਬਣ ਹੀ ਨਹੀਂ ਰਹੇ। ਇਸ ਨਾਲ ਸੂਰਜ ਦੀਆਂ ਕਿਰਨਾਂ ਧਰਤੀ ਤਕ ਸਿੱਧੀਆਂ ਪਹੁੰਚ ਰਹੀਆਂ ਹਨ।ਸਕਾਈਮੈੱਟ ਵੈਦਰ ਦੇ ਮੁੱਖ ਮੌਸਮ ਵਿਗਿਆੀ ਮਹੇਸ਼ ਪਲਾਵਤ ਅਨੁਸਾਰ, ਪਹਿਲੇ 8 ਤੋਂ 10 ਹਜ਼ਾਰ ਫੁੱਟ ਦੀ ਉਚਾਈ ‘ਤੇ ਵਾਲੇ ਬੱਦਲ ਬਣਦੇ ਸਨ ਤਾਂ ਰਿਮਝਿਮ ਫੁਹਾਰ ਕਰਦੇ ਰਹਿੰਦੇ ਸਨ, ਪਰ ਹੁਣ ਇਹ ਬੱਦਲ 35 ਤੋਂ 50 ਹਜ਼ਾਰ ਫੁੱਟ ਦੀ ਉਚਾਈ ‘ਤੇ ਬਣਨ ਲੱਗੇ ਹਨ। ਇਸ ਨਾਲ ਬਾਰਿਸ਼ ਘੱਟ ਹੋ ਗਈ ਹੈ। ਸਥਾਨਕ ਪ੍ਰਦੂਸ਼ਣ ਤੇ ਘਟਦਾ ਜੰਗਲਾਤ ਖੇਤਰ ਵੀ ਇਸ ਗਰਮੀ ਤੇ ਬਾਰਿਸ਼ ਦੇ ਬਦਲੇ ਪੈਟਰਨ ਲਈ ਜ਼ਿੰਮੇਵਾਰ ਹਨ।