ਗਲੋਬਲ ਪੱਧਰ ‘ਤੇ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਵਾਇਰਸ ਦੇ ਇਲਾਜ ਦੀ ਕੋਈ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਕੋਰੋਨਾਵਾਇਰਸ ਕਿਥੋਂ ਆਇਆ। ਇਸ ਮਾਮਲੇ ਸਬੰਧੀ ਹੁਣ ਤੱਕ ਕੋਈ ਸਹੀ ਸਬੂਤ ਸਾਹਮਣੇ ਨਹੀਂ ਆਏ ਹਨ। ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਹ ਵਾਇਰਸ ਚੀਨ ਦੀ ਵੈਟ ਮਾਰਕੀਟ (ਜਾਨਵਰਾਂ ਦੇ ਮੀਟ ਦਾ ਬਾਜ਼ਾਰ) ਤੋਂ ਫੈਲਿਆ ਹੈ ਤਾਂ ਕੁਝ ਦਾ ਕਹਿਣਾ ਹੈ
ਕਿ ਇਹ ਚੀਨ ਦੀ ਪ੍ਰਯੋਗਸ਼ਾਲਾ ਤੋਂ ਆਇਆ ਹੈ। ਭਾਵੇਂਕਿ ਲੱਗਭਗ ਪੂਰੀ ਦੁਨੀਆ ਇਸ ਗੱਲ ‘ਤੇ ਸਹਿਮਤ ਹੈ ਕਿ ਇਹ ਵਾਇਰਸ ਚੀਨ ਵਿਚ ਹੀ ਪੈਦਾ ਹੋਇਆ ਹੈ। ਇਸ ਸਭ ਦੇ ਵਿਚ ਇਟਲੀ ਦਾ ਇਕ ਨਵਾਂ ਅਧਿਐਨ ਹੈਰਾਨ ਕਰ ਦੇਣ ਵਾਲਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਉੱਥੇ ਕੋਰੋਨਾਵਾਇਰਸ ਦੇ ਸ਼ੁਰੂਆਤੀ ਮਾਮਲੇ ਚੀਨ ਤੋਂ ਨਹੀਂ ਆਏ ਸਨ।ਇਹ ਅਧਿਐਨ ਮਿਲਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਕਾਰਲੋ ਫੇਡੇਰਿਕੋ ਪੇਰਨੋ ਦੀ ਅਗਵਾਈ ਵਿਚ ਕੀਤਾ ਗਿਆ ਸੀ।
ਸ਼ੋਧ ਕਰਤਾਵਾਂ ਨੇ ਆਪਣੀ ਰਿਸਰਚ ਲਈ ਫਰਵਰੀ ਅਤੇ ਅਪ੍ਰੈਲ ਦੇ ਵਿਚ ਲੋਮਬਾਰਡੀ ਖੇਤਰ ਦੇ ਕੋਵਿਡ-19 ਮਰੀਜ਼ਾਂ ਦੇ 300 ਤੋਂ ਵਧੇਰੇ ਬਲੱਡ ਸੈਂਪਲ ਇਕੱਠੇ ਕੀਤੇ ਅਤੇ ਉਹਨਾਂ ਦੇ ਜੀਨ ਵਿਚ ਤਬਦੀਲੀ ਦੇ ਵਾਇਰਸ ਸਟ੍ਰੇਨ ਦੀ ਉਤਪੱਤੀ ਦੀ ਪਤਾ ਲਗਾਇਆ। ਚੀਨ ਦੀਆਂ ਸਾਰੀਆਂ ਉਡਾਣਾਂ ‘ਤੇ ਰੋਕ ਅਤੇ ਉੱਥੋਂ ਦੀ ਯਾਤਰਾ ‘ਤੇ ਪਾਬੰਦੀ ਲਗਾਉਣ ਵਾਲਾ ਇਟਲੀ ਪਹਿਲਾ ਦੇਸ਼ ਸੀ। ਪਰ ਸ਼ੋਧ ਕਰਤਾਵਾਂ ਦੇ ਮੁਤਾਬਕ ਸੈਂਪਲ ਲਈ ਗਏ ਮਰੀਜ਼ਾਂ ਦੇ ਜੀਨੋਮ ਸਿਕਵੈਂਸ ਤੋਂ ਪਤਾ ਚੱਲਿਆ ਕਿ ਇਸ ਟ੍ਰਾਂਸਮਿਸ਼ਨ ਲੜੀ ਵਿਚ ਚੀਨ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਸੀ।
ਇਟਲੀ ਦਾ ਲੋਮਬਾਰਡੀ ਸਭ ਤੋਂ ਖੁਸ਼ਹਾਲ ਅਤੇ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਹੈ। ਚੀਨ ਦੇ ਸ਼ੋਧ ਕਰਤਾਵਾਂ ਨੇ ਜਨਵਰੀ ਦੇ ਸ਼ੁਰੂ ਵਿਚ ਹੀ Sars-CoV-2 ਨੂੰ ਵੱਖਰਾ ਕਰ ਕੇ ਉਸ ਨੂੰ ਵੱਖਰੀ ਸ਼੍ਰੇਣੀ ਵਿਚ ਪਾ ਦਿੱਤਾ ਸੀ। ਸ਼ੋਧ ਕਰਤਾਵਾਂ ਦਾ ਕਹਿਣਾ ਹੈਕਿ 20 ਫਰਵਰੀ ਨੂੰ ਲੋਮਬਾਰਡੀ ਦੇ ਸਿਹਤ ਅਧਿਕਾਰੀਆਂ ਨੇ ਇੱਥੇ ਸਥਾਨਕ ਇਨਫੈਕਸ਼ਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਸੀ ਪਰ ਕਮਿਊਨਿਟੀ ਟ੍ਰਾਂਸਮਿਸ਼ਨ ਇਸ ਤੋਂ ਪਹਿਲਾਂ ਹੋਣਾ ਸ਼ੁਰੂ ਹੋਗਿਆ ਸੀ। ਪ੍ਰੋਫੈਸਰ ਪੇਰਨੋ ਦੀ ਟੀਮ ਨੇ ਪੂਰੇ ਖੇਤਰ ਦੇ 12 ਸੂਬਿਆਂ ਵਿਚੋਂ 371 ਮਰੀਜ਼ਾਂ ਦੇ ਬਲੱਡ ਸੈਂਪਲ ਲਏ। ਇਸ ਲਈ ਉਹਨਾਂ ਨੇ ਹਸਪਤਾਲ ਵਿਚ ਭਰਤੀ ਕੋਰੋਨਾਵਾਇਰਸ ਦੇ ਮਾਮੂਲੀ, ਮੱਧਮ ਅਤੇ ਗੰਭੀਰ ਲੱਛਣ ਵਾਲੇ ਮਰੀਜ਼ਾਂ ਦੀ ਚੋਣ ਕੀਤੀ।
ਅਧਿਐਨ ਦੇ ਮੁਤਾਬਕ ਇਹ ਵਾਇਰਸ ਸਟ੍ਰੇਨ ਦੋ ਵੱਖ-ਵੱਖ ਕ੍ਰਮ ਦੇ ਸਨ, ਜਿਹਨਾਂ ਨੇ ਕੁਝ ਖੇਤਰਾਂ ਵਿਚ ਜ਼ਿਆਦਾ ਪ੍ਰਭਾਵ ਪਾਇਆ। ਪਰ ਇਹਨਾਂ ਵਿਚ ਉਹ ਵਾਇਰਸ ਸਟ੍ਰੇਨ ਨਹੀਂ ਪਾਇਆ ਗਿਆ ਜਿਸ ਨੂੰ ਚੀਨ ਨੇ ਸ਼ੁਰੂਆਤ ਵਿਚ ਹੀ ਵੱਖਰੇ ਕਰ ਕੇ ਰੱਖ ਲਿਆ ਸੀ। ਰੋਮ ਵਿਚ ਇਕ ਚਾਈਨੀਜ ਜੋੜੇ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਤੋਂ ਹੀ ਇਟਲੀ ਨੇ 31 ਜਨਵਰੀ ਨੂੰ ਚੀਨ ਦੇ ਯਾਤਰੀਆਂ ‘ਤੇ ਪਾਬੰਦੀ ਲਗਾ ਦਿੱਤੀ। ਪਰ ਪਿਛਲੇ ਮਹੀਨੇ ਇਟਲੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਇਕ ਅਧਿਐਨ ਦੇ ਮੁਤਾਬਕ ਵਾਇਰਸ ਪਹਿਲਾਂ ਹੀ ਦਸੰਬਰ ਦੇ ਮੱਧ ਵਿਚ ਮਿਲਾਨ ਅਤੇ ਟਿਊਰਿਨ ਸ਼ਹਿਰ ਵਿਚ ਸੀਵਰੇਜ ਦੇ ਪਾਣੀ ਵਿਚ ਦਿਖਾਈ ਦੇ ਚੁੱਕਾ ਸੀ।
ਪੇਰਨੋ ਦੇ ਨਵੇਂ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਲੋਮਬਾਰਡੀ ਖੇਤਰ ਦਾ ਵਾਇਰਸ ਕਈ ਜਗ੍ਹਾ ਤੋਂ ਜਾਣੂ ਸੀ। ਇਸ ਨੇ ਵੱਖ-ਵੱਖ ਖੇਤਰਾਂ ਵਿਚ ਕਈ ਵੱਖਰੇ ਸਮੂਹਾਂ ਦਾ ਗਠਨ ਕੀਤਾ।ਸ਼ੋਧ ਕਰਤਾਵਾਂ ਦੇ ਮੁਤਾਬਕ ਇਸ ਵਾਇਰਸ ਦੇ ਸਰੋਤ ਦੀ ਇਕ ਸੰਭਾਵਿਤ ਦਿਸ਼ਾ ਮੱਧ ਯੂਰਪ ਸੀ ਜਿੱਥੇ ਵਾਇਰਸ ਦਾ ਇਕ ਅਜਿਹਾ ਹੀ ਸਰੂਪ ਪਾਇਆ ਗਿਆ ਸੀ। ਇਟਲੀ ਦਾ ਇਹ ਅਧਿਐਨ ਉਹਨਾਂ ਅਧਿਐਨਾਂ ਵਿਚੋਂ ਇਕ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਚੀਨ ਤੋਂ ਨਹੀਂ ਆਇਆ ਸੀ। ਇਸ ਤੋਂ ਪਹਿਲਾਂ ਨਿਊਯਾਰਕ, ਪੈਰਿਸ ਅਤੇ ਸਪੇਨ ਦੇ ਅਧਿਐਨ ਵਿਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਕੋਰੋਨਾਵਾਇਰਸ ਦਾ ਚੀਨ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ।