ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿਚ ਇਕ ਸਿੱਖ ਬੱਚਾ ਐਨਕਾਂ ਤੇ ਮਾਸਕ ਵੇਚ ਰਿਹਾ ਹੈ। ਉਸ ਮਾਸੂਮ ਬੱਚੇ ਦਾ ਨਾਮ ਗੁਰਕਿਰਤ ਸਿੰਘ ਤੇ ਉਹ ਅਤੇ ਉਸ ਦਾ ਪਿਤਾ ਐਨਕਾਂ ਤੇ ਮਾਸਕ ਵੇਚ ਕੇ ਅਪਣਾ ਗੁਜ਼ਾਰਾ ਕਰਦੇ ਹਨ। ਇਸ ਵੀਡੀਓ ਵਿਚ ਬੱਚੇ ਨੂੰ ਰਾਹਗੀਰਾਂ ਵੱਲੋਂ ਪੇਸ਼ਕਸ਼ ਕੀਤੀ ਗਈ ਸੀ ਕਿ ਉਹ ਬੇਸ਼ੱਕ ਉਹਨਾਂ ਨੂੰ ਐਨਕਾਂ ਨਾ ਦੇਵੇ ਪਰ ਪੈਸੇ ਲਏ ਲਵੇ ਪਰ ਉਸ ਬੱਚੇ ਨੇ ਬਿਨਾਂ ਐਨਕਾਂ ਖਰੀਦੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਮਿਸਾਲ ਪੈਦਾ ਕਰਦਿਆਂ ਕਿਹਾ ਕਿ
ਸਿੱਖ ਕਦੇ ਭੀਖ ਨਹੀਂ ਮੰਗਦਾ। ਉਹ ਕਿਰਤ ਕਰ ਕੇ ਅਪਣੇ ਪਰਿਵਾਰ ਦਾ ਪੈਟ ਪਾਲ ਸਕਦਾ ਹੈ। ਉਸ ਨਾਲ ਸਪੋਕਸਮੈਨ ਟੀਮ ਵੱਲੋਂ ਖਾਸ ਇੰਟਰਵਿਊ ਕੀਤੀ ਗਈ ਕਿ ਉਹ ਕਿਵੇਂ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਰਿਹਾ ਹੈ। ਉਹਨਾਂ ਨੂੰ ਦਿਹਾੜੀ ਦੇ 200 ਰੁਪਏ ਬਣ ਜਾਂਦੇ ਹਨ। ਇਸ ਬੱਚੇ ਦੀ ਮਾਂ ਵੀ ਨਹੀਂ ਹੈ ਤੇ ਇਹਨਾਂ ਦਾ ਅਪਣਾ ਘਰ ਵੀ ਨਹੀਂ ਹੈ। ਉਹ ਸਟੇਸ਼ਨ ਤੇ ਰਹਿੰਦੇ ਹਨ ਤੇ ਉੱਥੇ ਕੋਲ ਹੀ ਪੁਲਿਸ ਥਾਣੇ ਦੇ ਅਧਿਕਾਰੀ ਉਹਨਾਂ ਦੀ ਫ਼ੀਸ ਦਾ ਖਰਚਾ ਦਿੰਦੇ ਹਨ। ਇਹ ਬੱਚਾ ਤੀਜੀ ਜਮਾਤ ਵਿਚ ਪੜ੍ਹਦਾ ਹੈ।
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੱਝ ਦਾਨੀ ਸੱਜਣਾ ਤੇ ਸੰਸਥਾਵਾਂ ਵੱਲੋਂ ਬਾਂਹ ਫੜੀ ਗਈ ਹੈ ਤੇ ਉਹਨਾਂ ਨੇ ਖਰਚ ਚੁੱਕਣ ਦੀ ਵੀ ਗੱਲ ਆਖੀ ਹੈ। ਭਾਈ ਘਨੱਈਆ ਨੌਜਵਾਨ ਸਭਾ ਪਿੰਡ ਡੱਲੋਵਾਲ ਸੰਸਥਾ ਦੇ ਮੈਂਬਰ ਹਰਜੀਤ ਸਿੰਘ ਨੇ ਦਸਿਆ ਕਿ ਉਹ ਗ੍ਰੰਥੀ ਦੀ ਡਿਊਟੀ ਕਰਦੇ ਹਨ। ਉਹਨਾਂ ਨੂੰ ਇਹ ਬੱਚਾ ਰਾਹ ਵਿਚ ਮਿਲਿਆ ਸੀ ਤੇ ਉਸ ਨੇ ਉਹਨਾਂ ਕਿਹਾ ਕਿ ਉਹ ਐਨਕ ਖਰੀਦ ਲੈਣ
ਪਰ ਉਹਨਾਂ ਨੇ ਕਿਹਾ ਕਿ ਉਹ ਐਨਕ ਨਹੀਂ ਲੈਣਗੇ ਤੇ ਉਹ ਪੈਸੇ ਲੈ ਲਵੇ ਪਰ ਬੱਚੇ ਨੇ ਕਿਹਾ ਕਿ ਉਹ ਇੰਝ ਪੈਸੇ ਨਹੀਂ ਲੈਂਦਾ ਤੇ ਸਿੱਖ ਕਦੇ ਭੀਖ ਵੀ ਨਹੀਂ ਮੰਗਦਾ। ਹੁਣ ਇਸ ਬੱਚੇ ਲਈ ਵੱਖ ਵੱਖ ਵਿਅਕਤੀਆਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੈਸਿਆਂ ਪੱਖੋਂ ਵੀ ਬਹੁਤ ਮਦਦ ਹੋ ਰਹੀ ਹੈ। ਉਹਨਾਂ ਨੇ ਹੋਰਨਾਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਤੇ ਇਸ ਬੱਚੇ ਦੀ ਮਦਦ ਵਿਚ ਅਪਣਾ ਹਿੱਸਾ ਪਾਉਣ।