ਸੂਬਾ ਸਰਕਾਰ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਦੇ ਚੱਕਰਵਾਤੀ ਤੂਫਾਨ ਅਮਫਾਨ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਚੱਕਰਵਾਤ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਕਾਰਨ ਸੂਬੇ ਵਿੱਚ 72 ਲੋਕਾਂ ਦੀ ਮੌਤ ਹੋ ਗਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੰਗਲਵਾਰ ਰਾਤ ਨੂੰ ਰਾਜ ਸਕੱਤਰੇਤ ਤੋਂ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ‘ਅਮਫਾਨ ਦਾ ਪ੍ਰਭਾਵ ਕੋਰੋਨਾ ਵਾਇਰਸ ਨਾਲੋਂ ਵੀ ਗੰਭੀਰ ਹੈ। ਸੂਬੇ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਜਾਨ-ਮਾਲ ਦੇ ਨੁਕਸਾਨ ਦਾ ਜਾਇਜ਼ਾ ਲੈਣਾ ਬਹੁਤ ਜਲਦੀ ਹੈ ਕਿਉਂਕਿ ਸਭ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਪਹੁੰਚਣਾ ਸੰਭਵ ਨਹੀਂ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਮਫਾਨ ਪਿਛਲੇ 100 ਸਾਲਾਂ ਵਿੱਚ ਸੂਬੇ ਵਿੱਚ ਸਭ ਤੋਂ ਭਿਆਨਕ ਤੂਫਾਨ ਹੈ। ਭਾਰੀ ਮੀਂਹ ਅਤੇ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਨਾਲ ਚੱਕਰਵਾਤ ਬੁੱਧਵਾਰ ਨੂੰ ਦੁਪਹਿਰ ਢਾਈ ਵਜੇ ਪੱਛਮੀ ਬੰਗਾਲ ਦੇ ਦੀਘਾ ਤੱਟ ਟਕਰਾਇਆ ਜਿਸ ਨਾਲ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ।ਅਧਿਕਾਰੀਆਂ ਨੇ ਕਿਹਾ ਉੱਤਰੀ 24 ਪਰਗਨਾਸ ਜ਼ਿਲ੍ਹੇ ਵਿੱਚ, ਇਕ ਆਦਮੀ ਅਤੇ ਇਕ ਔਰਤ ‘ਤੇ ਦਰੱਖਤ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਹਾਵੜਾ ਵਿੱਚ ਵੀ ਇੱਕ 13 ਸਾਲਾ ਲੜਕੀ ਦੀ ਅਜਿਹੀ ਹੀ ਇੱਕ ਘਟਨਾ ਵਿੱਚ ਮੌਤ ਹੋ ਗਈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਛਮੀ ਬੰਗਾਲ ਆਉਣ ਅਤੇ ਚੱਕਰਵਾਤ ਤੂਫਾਨ ਨਾਲ ਪ੍ਰਭਾਵਤ ਖੇਤਰ ਦਾ ਦੌਰਾ ਕਰਨ ਦੀ ਬੇਨਤੀ ਕੀਤੀ ਹੈ। ਕੋਲਕਾਤਾ ਅਤੇ ਹੋਰ ਪ੍ਰਭਾਵਿਤ ਜ਼ਿਲ੍ਹਿਆਂ ਦੇ ਵੱਡੇ ਹਿੱਸਿਆਂ ਵਿੱਚ ਬਿਜਲੀ ਗੁਲ ਹੈ ਕਿਉਂਕਿ ਬਿਜਲੀ ਦੇ ਖੰਭੇ ਉਖੜ ਗਏ ਹਨ। ਤੂਫਾਨ ਨਾਲ ਬਹੁਤ ਸਾਰੇ ਸੰਚਾਰ ਟਾਵਰਾਂ ਨੂੰ ਨੁਕਸਾਨ ਹੋਣ ਕਾਰਨ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਵੀ ਬੰਦ ਹਨ।