ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਵਿਸ਼ਵਪੱਧਰੀ ਅਰਥਚਾਰੇ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਰਿਜ਼ਰਵ ਬੈਂਕ ਨੇ ਪਾਲਿਸੀ ਦਰਾਂ ‘ਚ 0.40% ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਰਚ ਵਿੱਚ ਨਿਰਮਾਣ ‘ਚ 17% ਦੀ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਰਕਾਰ ਦੀ ਆਮਦਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਟਾਪ 6 ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹਨ।ਉਨ੍ਹਾਂ ਦਾ ਅਰਥਚਾਰੇ ‘ਚ 60% ਹਿੱਸਾ ਹੈ। ਐਮਪੀਸੀ ਦੇ 6 ਮੈਂਬਰਾਂ ਵਿੱਚੋਂ 5 ਵਿਆਜ ਦਰਾਂ ਘਟਾਉਣ ਦੇ ਹੱਕ ‘ਚ ਸਨ। 0.40% ਦੀ ਕਟੌਤੀ ਦੇ ਨਾਲ ਰੈਪੋ ਰੇਟ 4% ਅਤੇ ਰੀਵਰਸ ਰੈਪੋ ਦਰ ਘੱਟ ਕੇ 3.35% ਹੋ ਗਈ ਹੈ। ਐਮਪੀਸੀ ਦੀ ਅਗਲੀ ਬੈਠਕ 3-5 ਜੂਨ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਮਾਰਚ ਤੋਂ ਬਾਅਦ ਆਲਮੀ ਆਰਥਿਕਤਾ ‘ਚ ਗਿਰਾਵਟ ਆਈ ਹੈ। ਮੰਗ ਵਿੱਚ ਕਮੀ ਦੇ ਕਾਰਨ ਨਿਵੇਸ਼ ਵਿੱਚ ਭਾਰੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮਾਹੌਲ ਦੇ ਮੱਦੇਨਜ਼ਰ ਖੇਤੀ ਸੈਕਟਰ ਤੋਂ ਵੱਡੀਆਂ ਉਮੀਦਾਂ ਹਨ।ਉਨ੍ਹਾਂ ਕਿਹਾ ਕਿ ਮੰਗ ਤੇ ਸਪਲਾਈ ਦਾ ਅਨੁਪਾਤ ਵਿਗੜਨ ਕਾਰਨ ਦੇਸ਼ ਦਾ ਅਰਥਚਾਰਾ ਠੱਪ ਹੋ ਗਿਆ ਹੈ।ਸਰਕਾਰੀ ਕੋਸ਼ਿਸ਼ਾਂ ਦਾ ਅਸਰ ਅਤੇ ਰਿਜ਼ਰਵ ਬੈਂਕ ਵੱਲੋਂ ਚੁੱਕੇ ਗਏ ਕਦਮਾਂ ਦਾ ਅਸਰ ਸਤੰਬਰ ਤੋਂ ਬਾਅਦ ਵੀ ਵਿਖਾਈ ਦੇਣਾ ਸ਼ੁਰੂ ਹੋਵੇਗਾ। ਉੁਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਨੇ ਐਕਸਆਈਐਮ ਬੈਂਕ ਨੂੰ 15,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦਰ ਸਤੰਬਰ 2020 ਤੋਂ ਬਾਅਦ ਘੱਟ ਹੋਵੇਗੀ ਅਤੇ ਇਹ 4% ਤੋਂ ਘੱਟ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਦਾਲਾਂ, ਤੇਲ ਬੀਜਾਂ ਤੇ ਅਨਾਜ ਦੀ ਮਹਿੰਗਾਈ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 9.2 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।