ਨਵੀਂ ਦਿੱਲੀ — ਕੋਰੋਨਾ ਦੀ ਲਾਗ ਕਾਰਨ ਦੁਨੀਆ ਭਰ ਦੀ ਅਰਥਵਿਵਥਾ ਡਗਮਗਾ ਗਈ ਹੈ। ਇਸ ਦਾ ਅਸਰ ਭਾਰਤ ‘ਚ ਵੀ ਵਿਆਪਕ ਰੂਪ ‘ਚ ਦਿਖਾਈ ਦੇ ਰਿਹਾ ਹੈ। ਮਹਾਮਾਰੀ ਅਤੇ ਤਾਲਾਬੰਦੀ ਕਾਰਨ ਦੇਸ਼ ਦਾ ਕੁਲ ਘਰੇਲੂ ਉਤਪਾਦ (ਜੀਡੀਪੀ) ਸਾਲ 2020 ਵਿਚ 3.1% ਤੱਕ ਘੱਟ ਸਕਦਾ ਹੈ। ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਦੇ ਅਨੁਸਾਰ ਅਗਲੇ ਸਾਲ 2021 ਵਿਚ ਦੇਸ਼ ਦੀ ਜੀਡੀਪੀ ਵਿਚ 6.9 ਪ੍ਰਤੀਸ਼ਤ ਦੇ ਵਾਧੇ ਦੀ ਉਮੀਦ ਹੈ।
ਜੁਲਾਈ ਤੋਂ ਬਾਅਦ ਗਲੋਬਲ ਆਰਥਿਕਤਾ ‘ਚ ਵਾਧੇ ਦੀ ਸੰਭਾਵਨਾ
ਏਜੰਸੀ ਨੇ ਇਹ ਵੀ ਕਿਹਾ ਕਿ ਇਸ ਸਾਲ ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ਦੂਜੇ ਵਿਸ਼ਵ ਯੁੱਧ ਤੋਂ ਬਾਅਦ ਗਲੋਬਲ ਅਰਥਚਾਰੇ ਲਈ ਹੁਣ ਤੱਕ ਦੀ ਸਭ ਤੋਂ ਮਾੜੀ ਤਿਮਾਹੀ ਹੋਵੇਗੀ। ਮੂਡੀਜ਼ ਨੇ ਗਲੋਬਲ ਮੈਕਰੋ ਆਉਟਲੁੱਕ ਦੀ ਰਿਪੋਰਟ ਵਿਚ ਕਿਹਾ ਹੈ ਕਿ ਦੂਜੀ ਤਿਮਾਹੀ ਵਿਚ ਵਿਸ਼ਵਵਿਆਪੀ ਗਤੀਵਿਧੀਆਂ ‘ਤੇ ਤਾਲਾਬੰਦੀ ਦਾ ਪ੍ਰਭਾਵ ਪਿਛਲੇ ਅੰਦਾਜ਼ੇ ਨਾਲੋਂ ਜ਼ਿਆਦਾ ਮਾੜਾ ਵੀ ਹੋ ਸਕਦਾ ਹੈ। ਹਾਲਾਂਕਿ ਇਸ ਸਾਲ (ਜੁਲਾਈ-ਦਸੰਬਰ) ਦੇ ਦੂਜੇ ਅੱਧ ਦੀ ਸ਼ੁਰੂਆਤ ਨਾਲ ਗਲੋਬਲ ਆਰਥਿਕਤਾ ਹੌਲੀ ਹੌਲੀ ਵਾਪਸ ਆਵੇਗੀ।
ਸਿਰਫ ਚੀਨ ਦੀ ਅਰਥਵਿਵਸਥਾ ਵਾਧੇ ‘ਚ
ਰੇਟਿੰਗ ਏਜੰਸੀ ਨੇ ਕਿਹਾ ਕਿ ਜੀ 20 ਦੇਸ਼ਾਂ ਵਿਚ ਚੀਨ ਇਸ ਸਾਲ ਵਿਕਾਸ ਦਰਜ ਕਰਨ ਵਾਲਾ ਇਕਲੌਤਾ ਦੇਸ਼ ਹੋਵੇਗਾ। ਇਸ ਸਾਲ ਚੀਨ ਦੀ ਵਿਕਾਸ ਦਰ 1 ਪ੍ਰਤੀਸ਼ਤ ਰਹੇਗੀ। ਅਗਲੇ ਸਾਲ ਚੀਨ ਦੀ ਵਿਕਾਸ ਦਰ 7.1 ਪ੍ਰਤੀਸ਼ਤ ਹੋ ਸਕਦੀ ਹੈ। ਜੀ-20 ਦੀ ਆਰਥਿਕਤਾ ਇਸ ਸਾਲ 4.6% ਘੱਟ ਸਕਦੀ ਹੈ। ਹਾਲਾਂਕਿ 2021 ਵਿਚ ਇਹ 5.2% ਦਾ ਵਾਧਾ ਦਰਜ ਕਰ ਸਕਦੀ ਹੈ।
ਇਹ ਵੀ ਦੇਖੋ : ਪਤੰਜਲੀ ਕਰਨ ਜਾ ਰਹੀ ਕੋਰੋਨਾ ਵਾਇਰਸ ਲਈ ਆਯੁਰਵੈਦਿਕ ਦਵਾਈ ਦਾ ਐਲਾਨ
ਦੱਖਣ-ਪੂਰਬੀ ਏਸ਼ੀਆ ਨੂੰ ਚੀਨ ਕਾਰਨ ਜੋਖਮ ‘ਚ
ਅਸਲ ਕੰਟਰੋਲ ਰੇਖਾ ਨੂੰ ਲੈ ਕੇ ਚੀਨ ਅਤੇ ਭਾਰਤੀ ਫੌਜ ਵਿਚਾਲੇ ਹੋਏ ਟਕਰਾਅ ਬਾਰੇ ਵੀ ਮੂਡੀਜ਼ ਦੀ ਰਿਪੋਰਟ ਵਿਚ ਚਰਚਾ ਕੀਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੱਖਣੀ ਚੀਨ ਸਾਗਰ ਨਾਲ ਲੱਗੇ ਦੇਸ਼ਾਂ ਅਤੇ ਭਾਰਤ ਦੇ ਨਾਲ ਚੀਨ ਦਾ ਤਣਾਅ ਵਧਿਆ ਹੈ। ਇਸ ਕਾਰਨ ਪੂਰਾ ਖੇਤਰ ਜੋਖਮ ਦਾ ਸਾਹਮਣਾ ਕਰ ਰਿਹਾ ਹੈ।
ਕੋਰੋਨਾਵਾਇਰਸ ਕਾਰਨ ਅਮੀਰ ਦੇਸ਼ਾਂ ਦਾ ਕਰਜ਼ਾ ਵਧੇਗਾ
ਰੇਟਿੰਗ ਏਜੰਸੀ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਕਾਰਨ, ਇਸ ਸਾਲ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦਾ ਕਰਜ਼ਾ ਲਗਭਗ 20 ਪ੍ਰਤੀਸ਼ਤ ਵਧੇਗਾ। ਇਹ 2008 ਦੇ ਵਿੱਤੀ ਸੰਕਟ ਵਿਚ ਵੇਖੇ ਗਏ ਕਰਜ਼ੇ ਦੇ ਪੱਧਰ ਦਾ ਲਗਭਗ ਦੁਗਣਾ ਹੋ ਸਕਦਾ ਹੈ।
ਇਹ ਵੀ ਦੇਖੋ : ਰਿਲਾਇੰਸ ਇੰਡਸਟਰੀਜ਼ ਬਣੀ 150 ਅਰਬ ਡਾਲਰ ਦਾ ਮਾਰਕੀਟ ਪੂੰਜੀਕਰਣ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ
News Source – Jag Bani