ਕਰਫਿਊ ਖੁਲ੍ਹਣ ਤੋਂ ਬਾਅਦ ਕੈਪਟਨ ਨੇ ਫਿਰ ਕਰਤਾ ਵੱਡਾ ਐਲਾਨ

ਪੰਜਾਬ ਦੀ ਮੁਲਕ ਵਿੱਚੋਂ ਸਭ ਤੋਂ ਵੱਧ 90 ਫੀਸਦੀ ਰਿਕਰਵਰੀ ਦਰ ਹੋਣ ਦੇ ਬਾਵਜੂਦ ਕਿਸੇ ਤਰਾਂ ਸੰਤੁਸ਼ਟ ਹੋਣ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਘਰੇਲੂ ਉਡਾਨਾਂ, ਰੇਲਾਂ ਅਤੇ ਬੱਸਾਂ ਰਾਹੀਂ ਸੂਬੇ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਲਾਜ਼ਮੀ ਤੌਰ ’ਤੇ 14 ਦਿਨਾਂ ਲਈ ਘਰੇਲੂ ਏਕਾਂਤਵਾਸ ਵਿੱਚ ਰਹਿਣਾ ਪਵੇਗਾ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪਿੱਤਰੀ ਸੂਬਿਆਂ ਵਿੱਚ ਜਾਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਪਰਵਾਸੀ ਮਜ਼ਦੂਰਾਂ ਵਿੱਚੋਂ ਲਗਭਗ ਅੱਧੇ ਮਜ਼ਦੂਰਾਂ ਨੇ ਇੱਥੇ ਹੀ ਰੁਕਣ ਦਾ ਫ਼ੈਸਲਾ ਕੀਤਾ ਅਤੇ ਇਨ੍ਹਾਂ ਨੇ ਸਨਅਤਾਂ ਵਿੱਚ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਉਨਾਂ ਨੇ ਇਹ ਵੀ ਦੱਸਿਆ ਕਿ ਸੂਬੇ ਵਿੱਚ 2.56 ਲੱਖ ਉਦਯੋਗ ਵਿੱਚੋਂ 1.5 ਲੱਖ ਉਦਯੋਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਫੇਸਬੁੱਕ ’ਤੇ ‘ਕੈਪਟਨ ਨੂੰ ਸਵਾਲ’ ਨਾਂ ਦੇ ਲਾਈਵ ਪ੍ਰੋਗਰਾਮ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਦਾਖ਼ਲ ਹੋਣ ਵਾਲਿਆਂ ਦੀ ਜਾਂਚ ਸੂਬੇ ਅਤੇ ਜ਼ਿਲ੍ਹਿਆਂ ਦੇ ਪ੍ਰਵੇਸ਼ ਲਾਂਘਿਆਂ ਦੇ ਨਾਲ-ਨਾਲ ਰੇਲਵੇ ਸਟੇਸ਼ਨ ਅਤੇ ਹਵਾਈ ਅੱਡਿਆਂ ’ਤੇ ਕੀਤੀ ਜਾਵੇਗੀ ਅਤੇ ਜਿਨ੍ਹਾਂ ਵਿੱਚ ਲੱਛਣ ਪਾਏ ਜਾਣਗੇ, ਉਨ੍ਹਾਂ ਨੂੰ ਸੰਸਥਾਗਤ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ ਜਦਕਿ ਬਾਕੀਆਂ ਨੂੰ ਦੋ ਹਫ਼ਤਿਆਂ ਲਈ ਘਰ ਵਿੱਚ ਏਕਾਂਤਵਾਸ ’ਚ ਰਹਿਣਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੈਪਿਡ ਟੈਸਟਿੰਗ ਟੀਮਾਂ ਘਰਾਂ ਵਿੱਚ ਏਕਾਂਤਵਾਸ ਵਿੱਚ ਰੱਖੇ ਵਿਅਕਤੀਆਂ ਦੀ ਜਾਂਚ ਕਰਨੀਆਂ ਜਦਕਿ ਲੱਛਣ ਵਾਲੇ ਵਿਅਕਤੀਆਂ ਦੀ ਵਿਸਥਾਰਤ ਜਾਂਚ ਹਸਪਤਾਲਾਂ/ਅਲਹਿਦਗੀ ਕੇਂਦਰਾਂ ਵਿੱਚ ਕੀਤੀ ਜਾਵੇਗੀ।ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਿਸ਼ਵ ਜਾਂ ਮੁਲਕ ਦੇ ਕਿਸੇ ਵੀ ਹਿੱਸੇ ਵੱਲੋਂ ਟੈਸਟ ਸਬੰਧੀ ਜਾਰੀ ਕੀਤੇ ਸਰਟੀਫਿਕੇਟ ’ਤੇ ਭਰੋਸਾ ਨਹੀਂ ਕਰੇਗੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੀਆਂ ਸੇਧਾਂ ਮੁਤਾਬਕ ਅੰਤਰਰਾਸ਼ਟਰੀ ਉਡਾਨਾਂ ਰਾਹੀਂ ਭਾਰਤ ਪਰਤਣ ਵਾਲਿਆਂ ਨੂੰ ਸੰਸਥਾਗਤ ਏਕਾਂਤਵਾਸ ਵਿੱਚੋਂ ਲੰਘਣਾ ਪਵੇਗਾ। ਉਨ੍ਹਾਂ ਨੇ ਮਹਾਰਾਸ਼ਟਰ ਅਤੇ ਰਾਜਸਥਾਨ ਦੇ ਨਾਲ-ਨਾਲ ਹਾਲ ਹੀ ਵਿੱਚ ਦੁਬਾਈ ਤੋਂ ਆਉਣ ਵਾਲਿਆਂ ਬਾਰੇ ਪੰਜਾਬ ਦਾ ਪਿਛਲਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਇਨਾਂ ਥਾਵਾਂ ਤੋਂ ਸੂਬੇ ਵਿੱਚ ਪਰਤਣ ਵਾਲੇ ਪੰਜਾਬੀਆਂ ਕੋਲ ਨੈਗੇਟਿਵ ਟੈਸਟ ਦਰਸਾਉਂਦੇ ਮੈਡੀਕਲ ਸਰਟੀਫਿਕੇਟ ਹੋਣ ਦੇ ਬਾਵਜੂਦ ਇੱਥੇ ਪਾਜ਼ਿਟਿਵ ਟੈਸਟ ਸਾਹਮਣੇ ਆਏ।ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਉਨਾਂ ਦੀ ਸਰਕਾਰ ਵੱਖ-ਵੱਖ ਮੁਲਕਾਂ ਦੇ ਦੂਤਘਰਾਂ ਤੱਕ ਜ਼ੋਰਦਾਰ ਢੰਗ ਨਾਲ ਪਹੁੰਚ ਕਰ ਰਹੀ ਹੈ, ਜਿਹੜੇ ਮੁਲਕ ਚੀਨ ਤੋਂ ਬਾਹਰ ਆਪਣੇ ਮੈਨੂਫੈਕਚਰਿੰਗ/ਕਾਰੋਬਾਰ ਨੂੰ ਸਿਫਟ ਕਰਨ ਦੀ ਕੋਸ਼ਿਸ਼ ਵਿੱਚ ਹਨ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬਾਹਰੀ ਮੁਲਕਾਂ ਅਤੇ ਸੂਬਿਆਂ ਤੋਂ ਵਾਪਸ ਆ ਰਹੇ ਪੰਜਾਬੀਆਂ ਦੇ ਇੱਥੇ ਪਰਤਣ ਨਾਲ ਰੋਗ ਦੇ ਫੈਲਾਅ ਦੀ ਸੰਭਾਵਨਾ ਹੈ ਪਰ ਇਸ ਦੀ ਰੋਕਥਾਮ ਲਈ ਸੂਬਾ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਜਿਸ ਤਹਿਤ ਵਾਪਸ ਪਰਤਣ ਵਾਲੇ ਹਰੇਕ ਵਿਅਕਤੀ ਦੀ ਟੈਸਟਿੰਗ ਅਤੇ ਏਕਾਂਤਵਾਸ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।

Leave a Reply

Your email address will not be published. Required fields are marked *